27.2 C
Toronto
Sunday, October 5, 2025
spot_img
Homeਪੰਜਾਬਜ਼ਿਮਨੀ ਚੋਣ ਲਈ 'ਆਪ' ਨੂੰ ਪਾਰਟੀ 'ਚੋਂ ਉਮੀਦਵਾਰ ਵੀ ਨਾ ਮਿਲਿਆ :...

ਜ਼ਿਮਨੀ ਚੋਣ ਲਈ ‘ਆਪ’ ਨੂੰ ਪਾਰਟੀ ‘ਚੋਂ ਉਮੀਦਵਾਰ ਵੀ ਨਾ ਮਿਲਿਆ : ਬਾਜਵਾ

‘ਆਪ’ ਦੀ ਕਰਤਾਰਪੁਰ ਰੈਲੀ ਨੂੰ ਅਸਫ਼ਲ ਦੱਸਿਆ; ਕਾਂਗਰਸੀ ਆਗੂਆਂ ਨੂੰ ਸਿਆਸੀ ਨਿਸ਼ਾਨਾ ਬਣਾਉਣ ਦੇ ਆਰੋਪ
ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਾਰਟੀ ਅੰਦਰੋਂ ਕੋਈ ਉਮੀਦਵਾਰ ਨਹੀਂ ਮਿਲ ਰਿਹਾ। ਬਾਜਵਾ ਨੇ ਕਿਹਾ ਕਿ ‘ਆਪ’ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਸਿਆਸੀ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਆਰੋਪ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਜਲੰਧਰ ਲੋਕ ਸਭਾ ਉਪ ਚੋਣ ਲਈ ਕਾਂਗਰਸ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਰਾਹੀਂ ਸੰਮਨ ਭੇਜਣ ਦਾ ਫੈਸਲਾ ਕੀਤਾ ਹੈ। ਵਿਜੀਲੈਂਸ ਬਿਊਰੋ ਦਾ ਇਹ ਕਦਮ ਸਪਸ਼ਟ ਤੌਰ ‘ਤੇ ਕਾਂਗਰਸ ਪਾਰਟੀ ਦੀਆਂ ਰਣਨੀਤੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਪਿਛਲੇ ਚਾਰ ਮਹੀਨਿਆਂ ਤੋਂ ਇੱਥੇ ਹੀ ਹਨ। ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਜਾਂ ਇਕ ਮਹੀਨੇ ਬਾਅਦ ਵੀ ਸੰਮਨ ਜਾਰੀ ਕੀਤਾ ਜਾ ਸਕਦਾ ਸੀ। ਹੁਣ ਉਨ੍ਹਾਂ ਨੂੰ ਸੰਮਨ ਭੇਜਣ ਦਾ ਕੀ ਮਤਲਬ ਹੈ। ਜਦੋਂ ਕਾਂਗਰਸ ਪਾਰਟੀ ਚੰਨੀ ਨੂੰ ਚੋਣ ਪ੍ਰਚਾਰ ਲਈ ਜਲੰਧਰ ਲਿਆਉਣ ਦੀ ਯੋਜਨਾ ਬਣੀ ਰਹੀ ਸੀ ਤਾਂ ਉਨ੍ਹਾਂ ਨੂੰ ਸੰਮਨ ਭੇਜ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਪਾਰਟੀ ਅੰਦਰੋਂ ਇੱਕ ਵੀ ਉਮੀਦਵਾਰ ਨਹੀਂ ਲੱਭਿਆ ਜਿਸ ਕਰ ਕੇ ਜਲੰਧਰ ਦੀ ਉਪ ਚੋਣ ਲੜਨ ਲਈ ਕਾਂਗਰਸ ਪਾਰਟੀ ਵਿੱਚੋਂ ਉਮੀਦਵਾਰ ‘ਪੁੱਟਣਾ’ ਪਿਆ ਹੈ। ਬਾਜਵਾ ਨੇ ਕਿਹਾ ਕਿ ਸੋਮਵਾਰ ਨੂੰ ਭਗਵੰਤ ਮਾਨ ਦੀ ਮੌਜੂਦਗੀ ‘ਚ ‘ਆਪ’ ਵਿੱਚ ਸ਼ਾਮਲ ਹੋਏ ਸੁਰਿੰਦਰ ਚੌਧਰੀ ਵੀ ਸਾਬਕਾ ਕਾਂਗਰਸੀ ਵਿਧਾਇਕ ਅਤੇ ਮਰਹੂਮ ਸੀਨੀਅਰ ਕਾਂਗਰਸੀ ਆਗੂ ਚੌਧਰੀ ਜਗਜੀਤ ਸਿੰਘ ਦਾ ਪੁੱਤਰ ਸੀ। ਉਨ੍ਹਾਂ ਕਿਹਾ ਕਿ ‘ਆਪ’ ਸੁਰਿੰਦਰ ਚੌਧਰੀ ਨੂੰ ਪਾਰਟੀ ਵਿੱਚ ਸ਼ਾਮਲ ਕਰ ਕੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਵਿੱਚ ਫੁੱਟ ਪਾਉਣ ਵਿਚ ਸਫ਼ਲ ਹੋਈ ਜਾਪਦੀ ਹੈ ਕਿਉਂਕਿ ਸੁਰਿੰਦਰ, ਚੌਧਰੀ ਸੰਤੋਖ ਸਿੰਘ ਦਾ ਭਤੀਜਾ ਹੈ।

 

RELATED ARTICLES
POPULAR POSTS