Breaking News
Home / ਪੰਜਾਬ / ਗੁਰੂ ਤੇਗ ਬਹਾਦਰ ਮਿਊਜ਼ੀਅਮ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸਮਰਪਿਤ

ਗੁਰੂ ਤੇਗ ਬਹਾਦਰ ਮਿਊਜ਼ੀਅਮ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸਮਰਪਿਤ

ਦੋ ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਨਵੀਨੀਕਰਨ
ਆਡੀਓ-ਵੀਡੀਓ ਪੇਸ਼ਕਾਰੀ ਦੀ ਹੈ ਸਹੂਲਤ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਮਿਊਜ਼ੀਅਮ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਧਰਮ ਨਿਰਪੱਖਤਾ ਅਤੇ ਮਨੁੱਖਤਾ ਦੀ ਸੇਵਾ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਆਖਿਆ। ਉਨ੍ਹਾਂ ਇੱਥੋਂ ਦੇ ਪੰਜ ਪਿਆਰਾ ਪਾਰਕ ਵਿੱਚ ਚੱਲ ਰਹੇ ਕੰਮ ਦੀ ਸਮੀਖਿਆ ਵੀ ਕੀਤੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਜੀ ਵੱਲੋਂ ਦਿਖਾਏ ਆਤਮ ਬਲੀਦਾਨ ਦੇ ਰਾਹ ਨੂੰ ਜ਼ਿੰਦਗੀ ਵਿੱਚ ਅਪਨਾਉਣ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਊਜ਼ੀਅਮ ਅਤਿ-ਆਧੁਨਿਕ ਤਕਨਾਲੋਜੀ ਅਤੇ ਆਡੀਓ-ਵੀਡੀਓ ਪੇਸ਼ਕਾਰੀ ਨਾਲ ਲੈਸ ਹੋਣ ਮਗਰੋਂ ਲੋਕਾਂ ਨੂੰ ਮੁੜ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਿਊਜ਼ੀਅਮ ਵਿੱਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਕੰਧਾਂ ਉਤੇ ਲੱਗੀਆਂ ਪੇਂਟਿੰਗਾਂ ਰਾਹੀਂ ਹੀ ਦਰਸਾਇਆ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਮਿਊਜ਼ੀਅਮ ਦੇ ਨਵੀਨੀਕਰਨ ‘ਤੇ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਆਈ ਹੈ। ਗੁਰੂ ਜੀ ਵੱਲੋਂ ਧਰਮ ਦੀ ਰਾਖੀ ਲਈ ਦਿੱਤੇ ਬਲਿਦਾਨ ਬਾਰੇ ਵਿਸ਼ਾ-ਵਸਤੂ ਅਤੇ ਸਿੱਖਿਆਵਾਂ ਨੂੰ 2ਡੀ ਵਰਗੀ ਤਕਨਾਲੋਜੀ ਦੀ ਵਰਤੋਂ ਰਾਹੀਂ ਐਨੀਮੇਸ਼ਨ ਵੀਡੀਓਜ਼, ਰੋਸ਼ਨੀਆਂ ਤੇ ਮੌਖਿਕ ਜਾਣਕਾਰੀ ਰਾਹੀਂ ਦਰਸਾਇਆ ਜਾਵੇਗਾ। ਇਸ ਸਬੰਧੀ ਇਕ ਮੋਬਾਈਲ ਐਪਲੀਕੇਸ਼ਨ ਵੀ ਵਿਕਸਤ ਕੀਤੀ ਗਈ ਹੈ, ਜਿਸ ਦੀ ਆਪਣੇ ਮੋਬਾਈਲ ਰਾਹੀਂ ਵਰਤੋਂ ਨਾਲ ਕੋਈ ਵੀ ਵਿਅਕਤੀ ਇੱਥੇ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਹੈ। ਧਾਰਮਿਕ ਸ਼ਹਿਰਾਂ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਲਈ ਅਕਾਲੀ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਡੇ-ਵੱਡੇ ਦਮਗਜ਼ੇ ਮਾਰਦੇ ਰਹੇ ਹਨ ਪਰ ਉਨ੍ਹਾਂ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਕੁੱਝ ਵੀ ਵਿਹਾਰਕ ਕੰਮ ਨਹੀਂ ਕੀਤਾ।

 

Check Also

ਆਸਟਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਮਨਪ੍ਰੀਤ ਕੌਰ ਦੀ ਜਹਾਜ਼ ’ਚ ਹੋਈ ਮੌਤ

4 ਸਾਲਾਂ ਮਗਰੋਂ ਆਸਟਰੇਲੀਆ ਤੋਂ ਪੰਜਾਬ ਪਰਤ ਰਹੀ ਸੀ ਮਨਪ੍ਰੀਤ ਮੈਲਬੌਰਨ/ਬਿਊਰੋ ਨਿਊਜ਼ : ਆਸਟ੍ਰੇਲੀਆ ਦੇ …