ਕਿਹਾ : ਮੁੱਖ ਮੰਤਰੀ ਮਾਨ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਜੇ ਕੀਤਾ ਹੁੰਦਾ ਤਾਂ ਮੈਂ ਤਾਰੀਫ਼ ਜ਼ਰੂਰ ਕਰਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਜਮ ਕੇ ਵਰ੍ਹੇ। ਸੁਖਪਾਲ ਖਹਿਰਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ’ਚ ਲਗਭਗ 1000 ਹਜ਼ਾਰ ਕੈਦੀ ਬੰਦ ਹਨ ਜਿਨ੍ਹਾਂ ’ਤੇ ਸਿਰਫ ਇਕ ਹੀ ਪਰਚਾ ਦਰਜ ਹੈ ਅਤੇ ਉਹ ਹੈ ਸਿਰਫ਼ ਨਸ਼ੇ ਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਬਿਲਕੁਲ ਵੀ ਖਤਮ ਨਹੀਂ ਹੋਇਆ ਜਦਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਪੰਜਾਬ ਵਿਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ ਮੈਂ ਸੱਚ ਬੋਲਣ ਤੋਂ ਨਹੀਂ ਡਰਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਜੇਕਰ ਉਨ੍ਹਾਂ ਕੋਈ ਚੰਗਾ ਕੀਤਾ ਹੁੰਦਾ ਤਾਂ ਮੈਂ ਤਾਰੀਫ਼ ਜ਼ਰੂਰ ਕਰਦਾ ਪ੍ਰੰਤੂ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੋਈ ਚੰਗਾ ਕੰਮ ਹੀ ਨਹੀਂ ਹੋਇਆ।