Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਜਲੰਧਰ ਤੋਂ ਡਾ. ਸੁੱਖੀ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਜਲੰਧਰ ਤੋਂ ਡਾ. ਸੁੱਖੀ ਉਮੀਦਵਾਰ

ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਲੋਕ ਮੁੱਦਿਆਂ ‘ਤੇ ਚੋਣ ਲੜੇਗਾ ਗੱਠਜੋੜ: ਸੁਖਬੀਰ ਬਾਦਲ
ਜਲੰਧਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਨੇ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਉਮੀਦਵਾਰ ਐਲਾਨਿਆ ਹੈ। ਗੱਠਜੋੜ ਨੇ ਕਿਹਾ ਕਿ ਉਹ ਇਹ ਚੋਣ ਸ਼ਾਂਤੀ, ਫਿਰਕੂ ਸਦਭਾਵਨਾ ਤੋਂ ਲੋਕ ਮੁੱਦਿਆਂ ਦੇ ਆਧਾਰ ‘ਤੇ ਲੜੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੁੱਖੀ ਦੇ ਨਾਂਅ ਦਾ ਸਾਂਝੇ ਉਮੀਦਵਾਰ ਵਜੋਂ ਐਲਾਨਦਿਆਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਡਾ. ਸੁੱਖੀ ਦੇ ਨਾਂਅ ਸਹਿਮਤੀ ਬਣੀ ਸੀ। ਉਨ੍ਹਾਂ ਆਖਿਆ ਦੋਵਾਂ ਪਾਰਟੀਆਂ ਦੇ ਵਰਕਰ ਡੱਟ ਕੇ ਡਾ. ਸੁੱਖੀ ਦੀ ਹਮਾਇਤ ਕਰਨਗੇ ‘ਤੇ 13 ਮਈ ਨੂੰ ਆਉਣ ਵਾਲੇ ਨਤੀਜਿਆਂ ਵਿੱਚ ਉਹ ਜੇਤੂ ਬਣ ਕੇ ਨਿਕਲਣਗੇ। ਬਾਦਲ ਨੇ ਕਿਹਾ ਡਾ. ਸੁੱਖੀ ਨੂੰ ਸਿਰਫ ਲੋਕ-ਭਲਾਈ ਦੇ ਕੰਮਾਂ ਲਈ ਹੀ ਨਹੀਂ ਬਲਕਿ ਵਿਧਾਨ ਸਭਾ ਵਿਚ ਵਧੀਆ ਕਾਰਗੁਜ਼ਾਰੀ ਲਈ ਵੀ ਜਾਣਿਆ ਜਾਂਦਾ ਹੈ। ਉਹ ਲੋਕ ਸਭਾ ਵਿਚ ਜਲੰਧਰ ਦੀ ਨੁਮਾਇੰਦਗੀ ਵਾਸਤੇ ਦੋਵਾਂ ਪਾਰਟੀਆਂ ਦੀ ਸਭ ਤੋਂ ਵਧੀਆ ਚੋਣ ਹਨ।
ਜ਼ਿਕਰਯੋਗ ਹੈ ਕਿ ਡਾ. ਸੁੱਖੀ ਬੰਗਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਨੇ 2009 ‘ਚ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਬਸਪਾ ਵੱਲੋਂ ਲੜੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਤੋਂ ਇਲਾਵਾ ਕਿਸਾਨਾਂ, ਦਲਿਤਾਂ, ਨੌਜਵਾਨਾਂ ਤੇ ਸਰਕਾਰੀ ਮੁਲਾਜ਼ਮਾਂ ਲਈ ਨਿਆਂ ਦੇ ਮੁੱਦੇ ‘ਤੇ ਇਹ ਚੋਣ ਲੜੇਗਾ। ਉਨ੍ਹਾਂ ਕਿਹਾ, ”ਆਮ ਆਦਮੀ ਪਾਰਟੀ ਦੇ ਰਾਜ ਵਿਚ ਕਥਿਤ ਗੁੰਡਾਗਰਦੀ ਦੇ ਮਾਮਲੇ ਵਧੇ ਹਨ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਡਾ. ਸੁੱਖੀ ਦਾ ਪਰਿਵਾਰ ਬਸਪਾ ਭਾਈਚਾਰੇ ਦਾ ਹਿੱਸਾ ਹੈ, ਜਿਸ ਨੇ ਹਮੇਸ਼ਾ ਗਰੀਬ ਵਰਗਾਂ ਦੀ ਬੇਹਤਰੀ ਲਈ ਕੰਮ ਕੀਤਾ ਹੈ।
ਸੰਸਦ ‘ਚ ਪੰਜਾਬ ਦੇ ਮਸਲੇ ਸੰਜੀਦਗੀ ਨਾਲ ਉਠਾਵਾਂਗਾ: ਸੁੱਖੀ
ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਭਰੋਸਾ ਦਿਵਾਇਆ ਕਿ ਉਹ ਜਲੰਧਰ ਅਤੇ ਪੰਜਾਬ ਦੇ ਮਸਲਿਆਂ ਨੂੰ ਸੰਜੀਦਗੀ ਨਾਲ ਸੰਸਦ ਵਿਚ ਚੁੱਕਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਿੱਖਾਂ ਨੂੰ ਵੱਖਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ‘ਆਪ’ ਸਰਕਾਰ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ। ਇਸ ਕਾਰਨ ਹਿੰਦੂ ਭਾਈਚਾਰਾ ਵੀ ਡਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਦਲਿਤਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੇ ਅਨੁਸੂਚਿਤ ਜਾਤੀ ਕਮਿਸ਼ਨ ਵਿਚ ਦਲਿਤਾਂ ਦੀ ਨੁਮਾਇੰਦਗੀ ‘ਆਪ’ ਸਰਕਾਰ ਵੱਲੋਂ ਅੱਧੀ ਕਰਨ ਦੀ ਉਦਾਹਰਨ ਵੀ ਦਿੱਤੀ। ਡਾ. ਸੁੱਖੀ ਨੇ ਅਕਾਲੀ ਦਲ ਦੇ ਪ੍ਰਧਾਨ, ਬਸਪਾ ਦੇ ਸੂਬਾ ਪ੍ਰਧਾਨ ਤੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਦਾ ਉਹਨਾਂ ‘ਤੇ ਵਿਸ਼ਵਾਸ ਕਰਨ ਵਾਸਤੇ ਧੰਨਵਾਦ ਕੀਤਾ।

 

Check Also

ਅੰਮਿ੍ਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਸੇਫ਼ ਹਾਊਸ ’ਚ ਅੰਮਿ੍ਰਤਪਾਲ ਸਿੰਘ ਨੇ ਆਪਣੇ ਪਿਤਾ ਅਤੇ ਚਾਚੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ …