ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਚੋਕੇ ਦਾ ਰਹਿਣ ਵਾਲਾ ਸੀ ਮਿ੍ਰਤਕ ਕਿਸਾਨ
ਸ਼ੰਭੂ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਦੇ ਚੌਥੇ ਦਿਨ ਅੱਜ ਸ਼ੰਭੂ ਬਾਰਡਰ ਤੋਂ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਕਿਸਾਨੀ ਸੰਘਰਸ਼ ਵਿਚ ਸ਼ਾਮਲ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਘੁਮਾਣ ਨੇੜਲੇ ਪਿੰਡ ਚਾਚੋਕੇ ਦੇ ਕਿਸਾਨ ਗਿਆਨ ਸਿੰਘ ਦੀ ਸ਼ੰਭੂ ਬਾਰਡਰ ’ਤੇ ਮੌਤ ਹੋ ਗਈ ਹੈ। ਮਿ੍ਰਤਕ ਕਿਸਾਨ ਗਿਆਨ ਸਿੰਘ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਪਿੰਡ ਚਾਚੋਕੇ ਦੇ ਸਰਪੰਚ ਜਗਦੀਸ਼ ਸਿੰਘ ਨੇ ਦੱਸਿਆ ਕਿ 11 ਫਰਵਰੀ ਨੂੰ ਕਿਸਾਨ ਆਪਣੀਆਂ ਮੰਗਾਂ ਲਈ ਗੁਰਦਾਸਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਸਨ। ਉਸੇ ਦਿਨ ਤੋਂ ਕਿਸਾਨ ਗਿਆਨ ਸਿੰਘ ਪੁੱਤਰ ਵੀ ਸਾਡੇ ਜਥੇ ਨਾਲ ਦਿੱਲੀ ਲਈ ਰਵਾਨਾ ਹੋਇਆ ਸੀ। ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਤੇ ਹਰਿਆਣਾ ਪੁਲਿਸ ਵੱਲੋਂ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਗਿਆਨ ਸਿੰਘ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ ਅਤੇ ਲੰਘੀ ਦੇਰ ਰਾਤ ਉਸ ਨੂੰ ਸਾਹ ਲੈਣ ਵਿਚ ਜ਼ਿਆਦਾ ਤਕਲੀਫ ਹੋਣ ਲੱਗੀ, ਜਿਸ ਦੇ ਚਲਦਿਆਂ ਉਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਗਿਆਨ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਅੱਜ ਸਵੇਰੇ 8 ਵਜੇ ਗਿਆਨ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ। ਕਿਸਾਨ ਆਗੂਆਂ ਨੇ ਸੰਘਰਸ਼ੀ ਯੋਧੇ ਗਿਆਨ ਦੀ ਮੌਤ ਲਈ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰ ਦੱਸਿਆ ਹੈ।