Breaking News
Home / ਪੰਜਾਬ / ਕੈਨੇਡੀਅਨ ਕੌਂਸਲ ਜਨਰਲ ਨੇ ਕਰਤਾਰਪੁਰ ਲਾਂਘੇ ਦੇ ਕੰਮ ਦਾ ਲਿਆ ਜਾਇਜ਼ਾ

ਕੈਨੇਡੀਅਨ ਕੌਂਸਲ ਜਨਰਲ ਨੇ ਕਰਤਾਰਪੁਰ ਲਾਂਘੇ ਦੇ ਕੰਮ ਦਾ ਲਿਆ ਜਾਇਜ਼ਾ

ਬਟਾਲਾ/ਬਿਊਰੋ ਨਿਊਜ਼ : ਕੌਮਾਂਤਰੀ ਸੀਮਾ ‘ਤੇ ਜ਼ੀਰੋ ਲਾਈਨ ਨੇੜੇ ਪਾਕਿਸਤਾਨ ਵਾਲੇ ਪਾਸੇ ਪਿਛਲੇ ਦਿਨਾਂ ਤੋਂ ਕਰਤਾਰਪੁਰ ਲਾਂਘੇ ਦਾ ਕੰਮ ਨਾ ਚੱਲਣ ‘ਤੇ ਸੰਗਤ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਣੇ ਸੁਭਾਵਿਕ ਹਨ। ਉਧਰ ਕੈਨੇਡੀਅਨ ਅੰਬੈਸੀ ਦੇ ਕੌਂਸਲ ਜਨਰਲ ਮੀਆ ਯੇਨ ਨੇ ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਪਹੁੰਚ ਕੇ ਸੀਮਾ ‘ਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕੰਮਾਂ ‘ਤੇ ਸੰਤੁਸ਼ਟੀ ਜਤਾਈ। ਉਹ ਇੱਥੇ ਨਿੱਜੀ ਦੌਰੇ ‘ਤੇ ਆਏ ਸਨ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਪਿਛਲੇ ਦਿਨਾਂ ਤੋਂ ਕਰਤਾਰਪੁਰ ਲਾਂਘੇ ਦਾ ਕੋਈ ਕੰਮ ਚੱਲਦਾ ਨਹੀਂ ਦੇਖਿਆ ਗਿਆ।
ਭਾਰਤ ਦੀ ਇੱਕ ਨਿਰਮਾਣ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਨਾਮ ਨਾ ਲਿਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਇਹੋ ਕੰਮ ਬੜੀ ਤੇਜ਼ੀ ਨਾਲ ਚੱਲਦੇ ਰਹੇ ਪਰ ਜੰਮੂ ਕਸ਼ਮੀਰ ਵਿਚ ਧਾਰਾ 370 ਅਤੇ 35-ਏ ਹਟਾਏ ਜਾਣ ਮਗਰੋਂ ਕੰਮ ਦੀ ਰਫ਼ਤਾਰ ਮੱਠੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਆਪਣੇ ਪਾਸੇ ਲਾਂਘੇ ਦਾ 90 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ ਜਦੋਂ ਕਿ ਡੇਰਾ ਬਾਬਾ ਨਾਨਕ ਪਾਸੇ ਕਰੀਬ 65 ਫ਼ੀਸਦੀ ਕੰਮ ਹੀ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਖੇਤਰ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ ਪਰ ਲਾਂਘੇ ਦੇ ਕੰਮ ਵਿੱਚ ਕਿਰਤੀਆਂ ਵੱਲੋਂ ਖੜੋਤ ਨਹੀਂ ਆਉਣ ਦਿੱਤੀ ਗਈ।
ਡੇਰਾ ਬਾਬਾ ਨਾਨਕ ਤੋਂ ਬਾਬਾ ਸੁਖਦੀਪ ਸਿੰਘ ਬੇਦੀ ਅਤੇ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਮੌਸਮ ਸਾਫ਼ ਹੋਣ ਕਾਰਨ ਹੁਣ ਧੁੱਸੀ ਬੰਨ੍ਹ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਦੂਰਬੀਨ ਤੋਂ ਬਿਨਾ ਵੀ ਦੇਖਿਆ ਜਾ ਸਕਦਾ ਹੈ। ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅਸਲ ਵਿਚ ਪਾਕਿਸਤਾਨ ਪਾਸੇ ਮੀਂਹ ਤੇਜ਼ ਹੋਣ ਕਾਰਨ ਬਾਹਰੀ ਕੰਮ ‘ਚ ਕੁਝ ਖੜੋਤ ਆਈ ਹੈ ਪਰ ਬਿਜਲੀ ਦੀ ਫਿਟਿੰਗ ਸਮੇਤ ਹੋਰ ਕਾਰਜ ਪਹਿਲਾਂ ਵਾਂਗ ਚੱਲ ਰਹੇ ਹਨ। ਕੈਨੇਡੀਅਨ ਕੌਂਸਲ ਜਨਰਲ ਮੀਆ ਯੇਨ ਨੇ ਕੰਡਿਆਲੀ ਤਾਰ ਕੋਲ ਪਹੁੰਚ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਤਹਿਸੀਲਦਾਰ ਨਵਕੀਰਤ ਸਿੰਘ ਰੰਧਾਵਾ ਤੇ ਸੀਗਲ ਕੰਸਟਰਕਸ਼ਨ ਕੰਪਨੀ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਅਧਿਕਾਰੀਆਂ ਨੇ ਮੀਆ ਯੇਨ ਨੂੰ ਭਰੋਸਾ ਦਿੱਤਾ ਕਿ ਕੰਮ ਮਿੱਥੇ ਸਮੇਂ ‘ਤੇ ਮੁਕੰਮਲ ਕਰ ਲਿਆ ਜਾਵੇਗਾ। ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਅਸਲ ਵਿਚ ਕੌਂਸਲ ਜਨਰਲ ਵੱਲੋਂ ਡੀਸੀ ਵਿਪੁਲ ਉਜਵਲ ਨਾਲ ਇੱਕ ਮੀਟਿੰਗ ਸੀ ਪਰ ਮੀਟਿੰਗ ਤੋਂ ਪਹਿਲਾ ਹੀ ਉਨ੍ਹਾਂ ਨੇ ਨਿੱਜੀ ਤੌਰ ‘ਤੇ ਨਿਰਮਾਣ ਕਾਰਜਾਂ ਨੂੰ ਦੇਖਿਆ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …