
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਕਰੀਊ 9 ਅਮਲੇ ਨੂੰ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਨਾਸਾ ਦੇ ਬਾਕੀ ਚਾਲਕ ਦਲ ਦਾ ਸਵਾਗਤ ਕੀਤਾ ਹੈ, ਜੋ ਨੌਂ ਮਹੀਨੇ ਪੁਲਾੜ ਵਿੱਚ ਰਹਿਣ ਮਗਰੋਂ ਅਮਰੀਕਾ ਦੀ ਧਰਤੀ ’ਤੇ ਪਰਤੇ ਹਨ। ਮੋਦੀ ਨੇ ਵਿਲੀਅਮਜ਼ ਨਾਲ ਆਪਣੀ ਇਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਧਰਤੀ ’ਤੇ ਵਾਪਸ ਆਉਣ ਉੱਤੇ ਸਵਾਗਤ ਹੈ। ਉਨ੍ਹਾਂ ਕਿਹਾ ਕਿ ਧਰਤੀ ਵਾਸੀਆਂ ਨੂੰ ਤੁਹਾਡੀ ਕਮੀ ਰੜਕ ਰਹੀ ਸੀ। ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿ੍ਰੜਤਾ, ਹਿੰਮਤ ਅਤੇ ਬੇਅੰਤ ਮਨੁੱਖੀ ਭਾਵਨਾ ਦਾ ਇਮਤਿਹਾਨ ਸੀ। ਸੁਨੀਤਾ ਵਿਲੀਅਮਜ਼ ਅਤੇ ਕਰਿਊ 9 ਪੁਲਾੜ ਯਾਤਰੀਆਂ ਨੇ ਇੱਕ ਵਾਰ ਫਿਰ ਸਾਨੂੰ ਦਿਖਾਇਆ ਹੈ ਕਿ ਦਿ੍ਰੜਤਾ ਦਾ ਅਸਲ ਵਿੱਚ ਕੀ ਮਤਲਬ ਹੈ। ਮੋਦੀ ਨੇ ਕਿਹਾ ਕਿ ਪੁਲਾੜ ਵਿਚ ਚਾਲਕ ਦਲ ਦੀ ਅਟੱਲ ਦਿ੍ਰੜਤਾ ਹਮੇਸ਼ਾ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਸੁਨੀਤਾ ਵਿਲੀਅਮਜ਼ ਤੇ ਚਾਲਕ ਦਲ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਇਹ ਉਨ੍ਹਾਂ ਦੀ ਇਤਿਹਾਸਕ ਯਾਤਰਾ ਦਿ੍ਰੜਤਾ, ਟੀਮ ਵਰਕ ਅਤੇ ਅਸਾਧਾਰਨ ਹਿੰਮਤ ਦੀ ਕਹਾਣੀ ਹੈ। ਮੈਂ ਉਨ੍ਹਾਂ ਦੇ ਅਟੱਲ ਇਰਾਦੇ ਨੂੰ ਸਲਾਮ ਕਰਦੀ ਹਾਂ ਅਤੇ ਉਨ੍ਹਾਂ ਦੀ ਸ਼ਾਨਦਾਰ ਸਿਹਤ ਦੀ ਕਾਮਨਾ ਕਰਦੀ ਹਾਂ।