
ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਸਕੂਲ ’ਚ ਮਿਲਦਾ ਹੈ ਦੁਪਹਿਰ ਦਾ ਭੋਜਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਹੈ। ਇਸਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਸਬੰਧੀ ਖਤਰਿਆਂ ਦੇ ਮੱਦੇਨਜ਼ਰ ਸਕੂਲਾਂ ਵਿੱਚ ਮਿੱਡ-ਡੇਅ ਮੀਲ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਦੀ ਮਨਾਹੀ ਕੀਤੀ ਗਈ ਹੈ। ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਮਿੱਡ-ਡੇਅ ਮੀਲ ਪਕਾਉਣ ਅਤੇ ਪਰੋਸਣ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਬੰਦ ਕੀਤੀ ਜਾਵੇ। ਹਾਲਾਂਕਿ ਬਹੁਤੇ ਸਕੂਲਾਂ ਵਿੱਚ ਐਲੂਮੀਨੀਅਮ ਦੇ ਭਾਂਡੇ ਵਰਤਣੇ ਬੰਦ ਕੀਤੇ ਹੋਏ ਹਨ ਪਰ ਸਿੱਖਿਆ ਵਿਭਾਗ ਮੁਕੰਮਲ ਤੌਰ ’ਤੇ ਐਲੂਮੀਨੀਅਮ ਦੀ ਵਰਤੋਂ ਰੋਕਣਾ ਚਾਹੁੰਦਾ ਹੈ। ਸਰਕਾਰ 31 ਮਾਰਚ ਤੱਕ ਸਾਰੇ ਸਕੂਲਾਂ ਵਿੱਚ ਬਦਲਵੇਂ ਬਰਤਨ ਦੇਣਾ ਚਾਹੁੰਦੀ ਹੈ ਤਾਂ ਜੋ ਬਜਟ ਦੀ ਸਮੇਂ ਸਿਰ ਵਰਤੋਂ ਹੋ ਸਕੇ। ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਖਾਣਾ ਪਕਾਉਣ ਲਈ ਪਤੀਲੇ ਤੇ ਕੜਾਹੀ ਆਦਿ ਐਲੂਮੀਨੀਅਮ ਦੀ ਧਾਤ ਦੇ ਨਹੀਂ ਹੋਣੇ ਚਾਹੀਦੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ 19,601 ਸਰਕਾਰੀ ਸਕੂਲਾਂ ਵਿਚ ਮਿੱਡ-ਡੇਅ ਮੀਲ ਸਕੀਮ ਚੱਲ ਰਹੀ ਹੈ ਅਤੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ।