ਕਾਗ਼ਜ਼ਾਂ ਦਾ ਅਜਾਇਬਘਰ ਹੈ ਅਜਾਇਬ ਔਜਲਾ : ਗੁਰਪ੍ਰੀਤ ਘੁੱਗੀ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ ਦੀ ਕਿਤਾਬ ਫ਼ਨਕਾਰਾਂ ਦੇ ਅੰਗ-ਸੰਗ ਲੋਕ ਅਰਪਣ ਕੀਤੀ ਗਈ। ਕਿਤਾਬ ਲੋਕ ਅਰਪਣ ਦੀ ਰਸਮ ਪ੍ਰਸਿੱਧ ਫ਼ਿਲਮ ਅਦਾਕਾਰ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਡਾ. ਹਰਕੇਸ਼ ਸਿੰਘ ਸਿੱਧੂ, ਸਰਬਜੀਤ ਕੌਰ ਸੋਹਲ, ਬਲਕਾਰ ਸਿੱਧੂ, ਮਨੀ ਔਜਲਾ, ਦਰਸ਼ਨ ਔਲਖ ਤੇ ਦੀਪਕ ਸ਼ਰਮਾ ਚਲਾਰਥਲ ਵੱਲੋਂ ਨਿਭਾਈ ਗਈ।
ਬੌਲੀਵੁੱਡ ਅਤੇ ਪੌਲੀਵੁੱਡ ਦੇ ਹਰ ਅਦਾਕਾਰ ਨਾਲ ਕੀਤੀਆਂ ਮੁਲਾਕਾਤਾਂ ਦੀਆਂ ਖ਼ਬਰਾਂ ਤੇ ਤਸਵੀਰਾਂ ਦੀ ਨਵੇਕਲੀ ਕਿਤਾਬ ਫ਼ਨਕਾਰਾਂ ਦੇ ਅੰਗ ਸੰਗ ’ਤੇ ਹੋਈ ਨਿੱਠ ਕੇ ਚਰਚਾ ਵਿਚ ਗੁਰਪ੍ਰੀਤ ਘੁੱਗੀ ਨੇ ਆਖਿਆ ਕਿ ਅਜਾਇਬ ਸਿੰਘ ਔਜਲਾ ਕਾਗ਼ਜ਼ਾਂ ਦਾ ਇਕ ਅਜਾਇਬਘਰ ਹੈ। ਜਿਸ ਨੇ ਯਮਲਾ ਜੱਟ ਤੋਂ ਲੈ ਕੇ ਅਮਿਤਾਬ ਬੱਚਨ ਤੱਕ ਤੇ ਪੌਲੀਵੁੱਡ ਦਾ ਕੋਈ ਅਜਿਹਾ ਕਲਾਕਾਰ ਨਹੀਂ ਜਿਸ ਨਾਲ ਅਜਾਇਬ ਔਜਲਾ ਨੇ ਪੱਤਰਕਾਰੀ ਮਿਲਣੀ ਨਾ ਕੀਤੀ ਹੋਵੇ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਗੁਰਪ੍ਰੀਤ ਘੁੱਗੀ ਨੇ ਕਿਤਾਬ ਦੇ ਹਵਾਲੇ ਨਾਲ ਜਿੱਥੇ ਸਾਹਿਤ ਦੀ ਗੱਲ ਕੀਤੀ, ਪੱਤਰਕਾਰੀ ਦੀ ਗੱਲ ਕੀਤੀ, ਉਥੇ ਅਲੋਪ ਹੋ ਰਹੀਆਂ ਉੱਪ ਬੋਲੀਆਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਅਜਿਹੇ ਸਮਾਗਮਾਂ ਦੀ ਜ਼ਰੂਰਤ ਹੈ ਜਿੱਥੇ ਆਪਣੀ ਮਾਂ ਬੋਲੀ ਦੇ ਨਾਲ-ਨਾਲ ਆਪਣੇ ਖਿੱਤੇ ਦੀ ਬੋਲੀ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮਲਕੀਤ ਰੌਣੀ ਨੇ ਆਖਿਆ ਕਿ ਅਜਾਇਬ ਔਜਲਾ ਹੋਰੀਂ ਇਕ ਉਹ ਪੱਤਰਕਾਰ ਹਨ ਜੋ ਨਿਮਰਤਾ ਨਾਲ, ਸਹਿਜਤਾ ਨਾਲ ਤੇ ਸਮਰਪਣ ਨਾਲ ਆਪਣਾ ਸੇਵਾ ਭਾਵ ਨਿਭਾਉਂਦਿਆਂ ਹਰੇਕ ਦੇ ਦਿਲ ਵਿਚ ਥਾਂ ਬਣਾ ਲੈਂਦੇ ਹਨ ਤੇ ਇਹ ਤਾਂ ਅਜੇ ਉਨ੍ਹਾਂ ਦੇ ਪੱਤਰਕਾਰੀ ਦੇ ਸਫ਼ਰ ਵਾਲੇ ਝੋਲ਼ੇ ’ਚੋਂ ਨਿਕਲੀ ਪਹਿਲੀ ਕਿਤਾਬ ਹੈ, ਅਜੇ ਹੋਰ ਆਮਦ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਵਿਸ਼ੇਸ਼ ਸਾਹਿਤਕ ਸਮਾਗਮ ਦੀ ਸ਼ੁਰੂਆਤ ਜਿੱਥੇ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਨ ਨਾਲ ਹੋਈ, ਉਥੇ ਹੀ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਭਨਾਂ ਨੂੰ ਜੀ ਆਇਆਂ ਆਖਦਿਆਂ ਇਸ ਨਿਵੇਕਲੀ ਕਿਤਾਬ ਦੀ ਆਮਦ ’ਤੇ ਅਜਾਇਬ ਸਿੰਘ ਔਜਲਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਅਜਾਇਬ ਸਿੰਘ ਔਜਲਾ ਲਈ ਮਾਣ ਵਾਲੇ ਪਲ ਹਨ ਕਿ ਉਨ੍ਹਾਂ ਦਾ ਪੁੱਤਰ ਮਨੀ ਔਜਲਾ ਵਿਸ਼ਵ ਪ੍ਰਸਿੱਧ ਗਾਇਕ ਹੈ ਪਰ ਉਹ ਅੱਜ ਬਾਪੂ ਦੀਆਂ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰਦਿਆਂ ਹੋਇਆਂ ਸਮਾਗਮ ’ਚ ਸੇਵਾ ਭਾਵ ਨਾਲ ਜੁਟਿਆ ਹੈ। ਇਸ ਮੌਕੇ ਬਲਕਾਰ ਸਿੱਧੂ ਹੁਰਾਂ ਦੀ ਅਗਵਾਈ ਹੇਠ ਪੰਜਾਬੀ ਲੇਖਕ ਸਭਾ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਆਪਣੀ ਵਡਮੁੱਲੀ ਸੇਵਾ ਨਿਭਾਉਣ ਸਦਕਾ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਦਰਸ਼ਨ ਔਲਖ ਤੇ ਦੀਪਕ ਸ਼ਰਮਾ ਚਨਾਰਥਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਕਿਤਾਬ ’ਤੇ ਚਰਚਾ ਕਰਨ ਦੀ ਸ਼ੁਰੂਆਤ ਸ਼ੋ੍ਰਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਕੀਤੀ। ਉਨ੍ਹਾਂ ਕਿਹਾ ਕਿ ਖ਼ਬਰਾਂ ਦੀ ਉਮਰ ਇਕ ਦਿਨ ਦੀ ਹੰੁਦੀ ਹੈ ਪਰ ਅਜਾਇਬ ਸਿੰਘ ਔਜਲਾ ਨੇ ਇਹ ਅਦਾਕਾਰਾਂ, ਫ਼ਿਲਮਕਾਰਾਂ ਤੇ ਕਲਾਕਾਰਾਂ ਨਾਲ ਆਪਣੀਆਂ ਮਿਲਣੀਆਂ ਵਾਲੀਆਂ ਖ਼ਬਰਾਂ ਨੂੰ ਤਸਵੀਰਾਂ ਸਣੇ ਸਹੇਜ ਕੇ ਕਿਤਾਬ ਦਾ ਰੂਪ ਦੇ ਇਸ ਨੂੰ ਅਮਰ ਬਣਾ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਅਜਾਇਬ ਸਿੰਘ ਔਜਲਾ ਨਾਲ ਆਪਣੀ ਪਰਿਵਾਰਕ ਤੇ ਸਾਹਿਤਕ ਸਾਂਝ ਦਾ ਹਵਾਲਾ ਦਿੰਦਿਆਂ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਜਾਇਬ ਸਿੰਘ ਔਜਲਾ ਛੇਤੀ ਹੀ ਇਸ ਵਿਧਾ ਦੀਆਂ ਹੋਰ ਪੁਸਤਕਾਂ ਲੈ ਕੇ ਸਾਹਿਤ ਦੇ ਵਿਹੜੇ ਨੂੰ ਪ੍ਰਫੁੱਲਤ ਕਰਦੇ ਰਹਿਣਗੇ। ਪ੍ਰਸਿੱਧ ਲੇਖਕ ਤੇ ਲੋਕ ਸੰਪਰਕ ਅਧਿਕਾਰੀ ਨਵਦੀਪ ਗਿੱਲ ਹੁਰਾਂ ਨੇ ਅਜਾਇਬ ਔਜਲਾ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਕਲਾਕਾਰਾਂ ਨਾਲ ਤੁਸੀਂ ਮੁਲਾਕਾਤਾਂ ਕੀਤੀਆਂ ਹਨ ਉਨ੍ਹਾਂ ਪਲਾਂ ਨੂੰ, ਉਨ੍ਹਾਂ ਦੇ ਹਾਵ-ਭਾਵ ਨੂੰ ਸਹੇਜ ਕੇ ਇਕ ਰੇਖਾ ਚਿੱਤਰਾਂ ਦੀ ਕਿਤਾਬ ਵੀ ਜ਼ਰੂਰ ਸਿਰਜੋ। ਇਸੇ ਤਰ੍ਹਾਂ ਪ੍ਰਸਿੱਧ ਕਲਾਕਾਰ ਦਰਸ਼ਨ ਔਲਖ ਨੇ ਵੀ ਅਜਾਇਬ ਔਜਲਾ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਇਸ ਨਿਵੇਕਲੇ ਕਿਤਾਬੀ ਕਾਜ ਨੂੰ ਸਲਾਹਿਆ।
ਅਜਾਇਬ ਸਿੰਘ ਔਜਲਾ ਦੇ ਬਚਪਨ ਦੇ ਸਾਥੀ ਤੇ ਵੱਖੋ-ਵੱਖ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਰਹਿ ਚੁੱਕੇ ਰਿਟਾਇਰਡ ਆਈ ਏ ਐਸ ਅਧਿਕਾਰੀ ਡਾ. ਹਰਕੇਸ਼ ਸਿੰਘ ਸਿੱਧੂ ਨੇ ਵੀ ਆਪਣੀਆਂ ਵਡਮੁੱਲੀਆਂ ਗੱਲਾਂ ਨਾਲ ਤੇ ਅਜਾਇਬ ਔਜਲਾਂ ਨਾਲ ਬਿਤਾਏ ਸਕੂਲੀ ਪਲਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਅਜਾਇਬ ਔਜਲਾ ਬਚਪਨ ਤੋਂ ਹੀ ਸਿਰੜੀ ਰਿਹਾ ਹੈ ਤੇ ਇਸ ਨੇ ਇਹ ਮੁਕਾਮ ਆਪਣੀ ਸਹਿਜਤਾ ਨਾਲ ਹੀ ਹਾਸਲ ਕੀਤਾ ਹੈ, ਜਿਸ ’ਤੇ ਸਾਨੂੰ ਮਾਣ ਹੈ ਕਿ ਅਸੀਂ ਇਸ ਦੇ ਸਾਥੀ ਹਾਂ। ਇਸ ਮੌਕੇ ਕਿਤਾਬ ਦੇ ਲੇਖਕ ਅਜਾਇਬ ਸਿੰਘ ਔਜਲਾ ਨੇ ਜਿੱਥੇ ਕਿਤਾਬ ਦੀ ਸਿਰਜਣਾ ਤੇ ਬਣਤਰ ਦੀ ਕਹਾਣੀ ਸਾਂਝੀ ਕੀਤੀ ਉਥੇ ਹੀ ਉਨ੍ਹਾਂ ਦੱਸਿਆ ਕਿ ਜਦੋਂ ‘ਕੌਣ ਬਣੇਗਾ ਕਰੋੜਪਤੀ’ ਦੀ ਸ਼ੁਰੂਆਤ ਹੋਈ ਤਦ ਅਮਿਤਾਬ ਬਚਨ ਨੇ ਦੇਸ਼ ਭਰ ਦੇ ਪ੍ਰਸਿੱਧ ਜਿਨ੍ਹਾਂ ਪੱਤਰਕਾਰਾਂ ਨੂੰ ਮੁੰਬਈ ਇੰਟਰਵਿਊ ਲਈ ਸੱਦਿਆ ਗਿਆ ਉਨ੍ਹਾਂ ਵਿਚ ਪੰਜਾਬੀ ਇਕਮਾਤਰ ਪੱਤਰਕਾਰ ਹੋਣ ਦਾ ਮਾਣ ਮੈਨੂੰ ਹਾਸਲ ਹੋਇਆ। ਅਜਿਹੇ ਦਰਜਨਾਂ ਕਿੱਸੇ ਸੁਣਾਉਂਦਿਆਂ ਅਜਾਇਬ ਔਜਲਾ ਨੇ ਕਿਹਾ ਕਿ ਜਿਹੜੇ ਕਲਾਕਾਰਾਂ, ਅਦਾਕਾਰਾਂ ਦੀਆਂ ਫ਼ਿਲਮਾਂ ਦੇਖਣ ਲਈ ਘੰਟਿਆਂਬੱਧੀ ਸਿਨੇਮੇ ਦੀਆਂ ਟਿਕਟਾਂ ਲੈਣ ਲਈ ਲਾਈਨਾਂ ’ਚ ਲਗਦੇ ਸਾਂ, ਪੁਲਿਸ ਦੇ ਡੰਡੇ ਖਾਂਦੇ ਸਾਂ, ਫਿਰ ਉਨ੍ਹਾਂ ਨੂੰ ਮਿਲਣਾ ਇਕ ਵੱਖਰੇ ਤਰ੍ਹਾਂ ਦਾ ਅਹਿਸਾਸ ਸੀ। ਇਸ ਕਿਤਾਬ ਦੀ ਸਿਰਜਣਾ ਲਈ ਉਨ੍ਹਾਂ ਜਿੱਥੇ ਆਪਣੇ ਅਦਾਰੇ ਦਾ, ਆਪਣੇ ਸਾਥੀਆਂ ਦਾ ਧੰਨਵਾਦ ਕੀਤਾ, ਉਥੇ ਪਰਿਵਾਰ ਦੇ ਸਹਿਯੋਗ ਸਣੇ ਆਪਣੇ ਬੇਟੇ ਤੇ ਪ੍ਰਸਿੱਧ ਗਾਇਕ ਮਨੀ ਔਜਲਾ ਦੀ ਵੀ ਪਿੱਠ ਥਾਪੜੀ। ਸਮਾਗਮ ਦੇ ਅਖੀਰ ਵਿਚ ਧੰਨਵਾਦੀ ਸ਼ਬਦ ਕਹਿਣ ਦੇ ਨਾਲ-ਨਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਅਜਾਇਬ ਸਿੰਘ ਔਜਲਾ ਨੂੰ ਅੱਜ ਕਿਤਾਬ ਲੋਕ ਅਰਪਣ ਤੇ ਜਨਮ ਦਿਨ ਦੀਆਂ ਦੋਹਰੀਆਂ ਵਧਾਈਆਂ ਦਿੰਦਿਆਂ ਕੇਕ ਕਟਵਾਉਣ ਦੀ ਰਸਮ ਵੀ ਅਦਾ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿਚ ਅਦਾਕਾਰ, ਕਲਾਕਾਰ, ਲੇਖਕ, ਪੱਤਰਕਾਰ ਭਾਈਚਾਰਾ ਮੌਜੂਦ ਸੀ ਜਿਨ੍ਹਾਂ ਵਿਚ ਜੀਤੂ ਬੇਦੀ, ਜਰਨੈਲ ਸਿੰਘ ਘੁਮਾਣ, ਸਿਰੀਰਾਮ ਅਰਸ਼, ਭੱਟੀ ਭੜੀਵਾਲਾ, ਮਨੀ ਔਜਲਾ, ਸੁਖਦੇਵ ਧਨੋਆ, ਰਾਖੀ ਹੁੰਦਲ, ਹਰਮਿੰਦਰ ਕਾਲੜਾ, ਮਨਜੀਤ ਕੌਰ ਮੀਤ, ਪਾਲ ਅਜਨਬੀ, ਡਾ. ਸੁਨੀਤਾ ਰਾਣੀ, ਸਿਮਰਜੀਤ ਕੌਰ ਗਰੇਵਾਲ, ਜਗਦੀਪ ਨੂਰਾਨੀ, ਨੀਨਾ ਸੈਣੀ, ਸੁਰਜੀਤ ਕੌਰ ਬੈਂਸ, ਸੇਵੀ ਰਾਇਤ,ਆਰ. ਕੇ. ਭਗਤ, ਜੈ ਸਿੰਘ ਛਿੱਬਰ, ਕੰਵਲਜੀਤ ਬਨਵੈਤ, ਬਿਕਰਮਜੀਤ ਮਾਨ, ਗੀਤਕਾਰ ਸੁਰਿੰਦਰ ਸਿੰਘ ਮੀਆਂਪੁਰੀਆ, ਰਜਿੰਦਰ ਕੌਰ, ਦਰਸ਼ਨ ਤਿ੍ਰਊਣਾ, ਡਾ. ਐਮ. ਐਸ. ਬੱਲ, ਸੁਖਦੇਵ ਧਨੋਆ, ਮਲਕੀਤ ਸਿੰਘ ਨਾਗਰਾ, ਬਹਾਦਰ ਸਿੰਘ ਗੋਸਲ, ਭਗਤ ਰਾਮ ਰੰਘਾੜਾ, ਪਰਵੀਨ ਸੰਧੂ, ਸੁਭਾਸ਼ ਭਾਸਕਰ, ਰਜਿੰਦਰ ਰੇਣੂ, ਦਵਿੰਦਰ ਕੌਰ, ਸਰਦਾਰਾ ਸਿੰਘ ਚੀਮਾ, ਕੰਵਲਜੀਤ ਸਿੰਘ ਬੱਗਾ ਆਦਿ ਹਾਜ਼ਰ ਸਨ। ਇਸ ਸਮੁੱਚੇ ਸਮਾਗਮ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …