
ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਰਾਜਾਂ ਵਿਚ ਬੇਕਾਬੂ ਭੀੜ ਵਲੋਂ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਅਤੇ ਹੋਰ ਸੈਲਾਨੀਆਂ ’ਤੇ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ। ਇਸਦੇ ਚੱਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਡਾ. ਚੀਮਾ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਸਾਰਿਆਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਵਿਰੋਧੀ ਤੱਤਾਂ ਅਤੇ ਏਜੰਸੀਆਂ ਦੁਆਰਾ ਸਿੱਖ ਭਾਈਚਾਰੇ ਵਿਰੁੱਧ ਲਗਾਤਾਰ ਗਲਤ ਜਾਣਕਾਰੀ ਅਤੇ ਨਫਰਤ ਭਰੀ ਮੁਹਿੰਮ ਦਾ ਨਤੀਜਾ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਵਿਚ ਕੁਝ ਸ਼ਰਾਰਤੀਆਂ ਵਲੋਂ ਸਿੱਖ ਤੇ ਪੰਜਾਬੀ ਨੌਜਵਾਨਾਂ ਵਲੋਂ ਆਪਣੇ ਵਾਹਨਾਂ ’ਤੇ ਲਗਾਏ ਸਿੱਖ ਝੰਡੇ ਪਾੜਣ ਅਤੇ ਪੈਰਾਂ ਹੇਠ ਮਿੱਧਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸਾ ਪਾਇਆ ਜਾ ਰਿਹਾ ਹੈ।