ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਦੇ ਪੀਏਪੀ ਵਿਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਪੰਜਾਬ ਪੁਲਿਸ ਵਿਚ ਨਵੇਂ ਭਰਤੀ ਹੋਏ 2999 ਪੁਲਿਸ ਜਵਾਨਾਂ ਨੇ ਆਪਣੀ ਟੇ੍ਰਨਿੰਗ ਪੂਰੀ ਕਰਨ ਤੋਂ ਬਾਅਦ ਮੁੱਖ ਮੰਤਰੀ ਤੋਂ ਸਲਾਮੀ ਲਈ। ਇਸ ਮੌਕੇ ਮੁੱਖ ਮੰਤਰੀ ਨੇ ਨਾਲ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਹਾਜ਼ਰ ਰਹੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਵਸਥਾ ਅਜਿਹੀ ਸੀ ਕਿ ਪਹਿਲਾਂ ਤਾਂ ਪੋਸਟਾਂ ਹੀ ਨਹੀਂ ਨਿਕਲਦੀਆਂ ਸਨ। ਜਦੋਂ ਪੋਸਟਾਂ ਨਿਕਲਦੀਆਂ ਸਨ ਤਾਂ ਫੀਸ ਭਰਨ ਦੇ ਬਾਵਜੂਦ ਵੀ ਰੋਲ ਨੰਬਰ ਨਹੀਂ ਆਉਂਦਾ ਸੀ ਅਤੇ ਕਈ ਮਹੀਨਿਆਂ ਬਾਅਦ ਟੈਸਟ ਹੁੰਦਾ ਸੀ। ਫਿਰ ਨਤੀਜਾ ਹੀ ਨਹੀਂ ਆਉਂਦਾ ਸੀ ਅਤੇ ਜੇਕਰ ਨਤੀਜਾ ਆ ਜਾਂਦਾ ਸੀ ਤਾਂ ਪਾਸ ਹੋਣ ’ਤੇ ਵੀ ਨੌਕਰੀ ਨਹੀਂ ਮਿਲਦੀ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਦੇ ਸਮੇਂ ਲਗਾਤਾਰ ਨਿਯੁਕਤੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਹਰ ਸਾਲ ਪੰਜਾਬ ਪੁਲਿਸ ਵਿਚ ਭਰਤੀ ਹੋਇਆ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਭਟਕਣ ਦੀ ਜ਼ਰੂਰਤ ਨਹੀਂ ਹੈ।