Breaking News
Home / ਪੰਜਾਬ / 2019 ਤੋਂ ਹੁਣ ਕਰਤਾਰਪੁਰ ਲਾਂਘੇ ਰਾਹੀਂ 1,95,566 ਸ਼ਰਧਾਲੂਆਂ ਨੇ ਕੀਤੇ ਦਰਸ਼ਨ

2019 ਤੋਂ ਹੁਣ ਕਰਤਾਰਪੁਰ ਲਾਂਘੇ ਰਾਹੀਂ 1,95,566 ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਭਾਰਤ-ਪਾਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤ-ਪਾਕਿਸਤਾਨ ਬਟਵਾਰੇ ਤੋਂ 72 ਸਾਲ ਬਾਅਦ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਤੇ ਭਾਰਤ ਸਰਕਾਰ ਦੇ ਯਤਨਾਂ ਸਦਕਾ 9 ਨਵੰਬਰ 2019 ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਖੋਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਹੁਣ ਤੱਕ 1,95,566 ਦੇ ਕਰੀਬ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ‘ਚ ਨਤਮਸਤਕ ਹੋ ਚੁੱਕੇ ਹਨ ਅਤੇ ਪਾਕਿਸਤਾਨ ਨੇ ਸੰਗਤ ਤੋਂ ਵੀਹ ਡਾਲਰ ਦੀ ਫੀਸ ਵਜੋਂ ਵਸੂਲੇ ਕੇ 39,11,320 ਅਮਰੀਕੀ ਡਾਲਰ ਕਮਾਏ ਹਨ।
ਦੱਸਣਯੋਗ ਹੈ ਕਿ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਪਾਕਿਸਤਾਨ ਵਿੱਚ ਇਸ ਸਮੇਂ ਅਮਰੀਕਾ ਦੇ ਇੱਕ ਡਾਲਰ ਦੀ ਕੀਮਤ 297 ਪਾਕਿਸਤਾਨੀ ਰੁਪਏ ਹੈ। ਇਸ ਮੁਤਾਬਿਕ ਹੁਣ ਤੱਕ ਪਾਕਿਸਤਾਨ ਕਰਤਾਰਪੁਰ ਲਾਂਘੇ ਰਾਹੀਂ ਕੇਵਲ ਐਂਟਰੀ ਫੀਸ ਵਜੋਂ ਲਗਪਗ ਇਕ ਅਰਬ 16 ਕਰੋੜ 16 ਲੱਖ ਦੇ ਕਰੀਬ ਪਾਕਿਸਤਾਨ ਰੁਪਏ ਕਮਾ ਚੁੱਕਾ ਹੈ। ਜਦਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਵੱਲੋਂ ਕੀਤੀ ਗਈ ਖਰੀਦੋ-ਫਰੋਖਤ ਤੇ ਸ਼ਰਧਾ ਵਜੋਂ ਦਾਨ ਕੀਤੀ ਰਾਸ਼ੀ ਦਾ ਕੋਈ ਹਿਸਾਬ ਨਹੀਂ ਹੈ। ਦੂਸਰੇ ਪਾਸੇ ਲੈਂਡ ਪੋਰਟ ਆਫ ਇੰਡੀਆ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਜੂਬੇ ਵਰਗੇ ਪੈਸੰਜਰ ਟਰਮੀਨਲ ਤੇ ਜ਼ੀਰੋ ਲੱੀੲਨ ‘ਤੇ ਰੀਟ੍ਰੀਟ ਸੈਰਾਮਨੀ ਕਰਨ ਦੀ ਵੀ ਮੰਗ ਉੱਠੀ ਹੈ।
ਜਾਣਕਾਰੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਸੀ ਜੋ 127 ਦਿਨ ਲਗਾਤਾਰ ਖੁੱਲ੍ਹਿਆ ਰਿਹਾ ਪਰ ਕੋਰੋਨਾ ਮਹਾਂਮਾਰੀ ਕਾਰਨ 16 ਮਾਰਚ 2020 ਨੂੰ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਅਤੇ ਕੋਰੋਨਾ ਮਹਾਂਮਾਰੀ ਕਾਰਨ ਕਰੀਬ 20 ਮਹੀਨੇ ਕਰਤਾਰਪੁਰ ਲਾਂਘਾ ਬੰਦ ਰਹਿਣ ਉਪਰੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਮੌਕੇ ਮੁੜ ਭਾਰਤ ਸਰਕਾਰ ਵੱਲੋਂ 17 ਨਵੰਬਰ 2021 ਨੂੰ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ। ਦੇਸ਼ ਦੀ ਅਜ਼ਾਦੀ ਦੇ 72 ਸਾਲ ਬਾਅਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਖੋਲ੍ਹੇ ਕਰਤਾਰਪੁਰ ਲਾਂਘੇ ‘ਤੇ ਕਰਤਾਰਪੁਰ ਸਾਹਿਬ ਜਾਣ ਵਾਲੇ 3.6 ਕਿਲੋਮੀਟਰ ਚਾਰ ਮਾਰਗੀ ਕਰਤਾਰਪੁਰ ਕੋਰੀਡੋਰ ਤੇ 14 ਏਕੜ ਜ਼ਮੀਨ ਵਿੱਚ ਬਣਾਏ ਗਏ ਕਰਤਾਰਪੁਰ ਪੈਸੰਜਰ ਟਰਮੀਨਲ ਨੈਸ਼ਨਲ ਹਾਈਵੇ ਤੇ ਲੈਂਡ ਪੋਰਟ ਆਫ ਇੰਡੀਆ ਦੇ ਸਹਿਯੋਗ ਨਾਲ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਖੁੱਲ੍ਹੇ ਲਾਂਘੇ ਰਾਹੀਂ ਭਾਰਤ-ਪਾਕ ਬਟਵਾਰੇ ਦੌਰਾਨ ਕਈ ਵਿਛੜੇ ਪਰਿਵਾਰਾਂ ਦਾ ਇਸ ਲਾਂਘੇ ਰਾਹੀਂ ਜਿੱਥੇ ਆਪਣੇ ਪਰਿਵਾਰਾਂ ਨਾਲ ਮੁੜ ਤੋਂ ਮੇਲ ਹੋ ਚੁੱਕਾ ਹੈ, ਉਥੇ ਲਾਂਘਾ ਖੁੱਲਵਾਉਣ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਭਗਵੰਤ ਮਾਨ, ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਫਿਲਮ ਸਟਾਰ ਸੰਨੀ ਦਿਓਲ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਜਥੇਦਾਰ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀਆਂ ਆਦਿ ਹਸਤੀਆਂ ਤੋਂ ਇਲਾਵਾ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਉਚ ਅਧਿਕਾਰੀ ਵੀ ਇਸ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਚੁੱਕੇ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਲਈ ਸ਼ਰਧਾਲੂਆਂ ਨੂੰ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਮਨਜ਼ੂਰੀ ਮਿਲਦੀ ਹੈ ਅਤੇ ਹਰੇਕ ਸ਼ਰਧਾਲੂ ਨੂੰ ਜਾਣ ਲਈ ਪਾਸਪੋਰਟ ਹੋਣਾ ਲਾਜ਼ਮੀ ਹੈ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਦੇ ਹਨ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਸਿਹਤ ਵਿਭਾਗ ਵੱਲੋਂ ਪੋਲੀਓ ਬੂੰਦਾਂ ਤੇ ਕੋਰੋਨਾ ਦਾ ਰੈਪਿਡ ਟੈਸਟ ਕਰਨ ਤੋਂ ਇਲਾਵਾ ਸੱਤ ਕਿੱਲੋ ਵਜ਼ਨ ਅਤੇ 11 ਹਜਾਰ ਦੀ ਰਾਸ਼ੀ ਆਪਣੇ ਨਾਲ ਲਿਜਾ ਸਕਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਸ਼ਰਧਾਲੂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾ ਸਕਦੇ ਹਨ।
20 ਡਾਲਰ ਫੀਸ ਤੇ ਪਾਸਪੋਰਟ ਦੀ ਸ਼ਰਤ ਖਤਮ ਕਰਵਾਉਣ ਲਈ ਰੱਖੀ ਹੜਤਾਲ ਡੇਢ ਸਾਲ ਤੋਂ ਜਾਰੀ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਦੋਹਾਂ ਦੇਸ਼ਾਂ ਵੱਲੋਂ 20 ਡਾਲਰ ਦੀ ਫੀਸ ਤੇ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਵਾਉਣ ਵਾਸਤੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਨੇੜੇ ਲਗਾਤਾਰ ਧਰਨਾ ਦੇ ਰਹੇ ਮਦਨ ਲਾਲ ਨਰੂਲਾ ਵੱਲੋਂ ਸੰਕੇਤਕ ਭੁੱਖ ਹੜਤਾਲ ਲਗਪਗ ਡੇਢ ਸਾਲ ਤੋਂ ਜਾਰੀ ਹੈ। ਇਸ ਮੌਕੇ ਸਮਾਜ ਸੇਵੀ ਮਦਨ ਲਾਲ ਨਰੂਲਾ ਨੇ ਦੱਸਿਆ ਕੇ ਉਸ ਵੱਲੋਂ 2 ਅਪ੍ਰੈਲ 2022 ਤੋਂ ਕੜਾਕੇ ਦੀ ਸਰਦੀ ਅਤੇ ਅੱਤ ਦੀ ਗਰਮੀ ਵਿੱਚ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਅਤੇ ਜਦੋਂ ਤੱਕ ਪਾਕਿਸਤਾਨ ਸਰਕਾਰ 20 ਡਾਲਰ ਫੀਸ ਤੇ ਭਾਰਤ ਸਰਕਾਰ ਪਾਸਪੋਰਟ ਦੀ ਸ਼ਰਤ ਖ਼ਤਮ ਨਹੀਂ ਕਰਦੀਆਂ ਉਸ ਵਲੋਂ ਭੁੱਖ ਹੜਤਾਲ ਜਾਰੀ ਰਹੇਗੀ।

 

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …