Breaking News
Home / ਪੰਜਾਬ / ਸਿੱਧੂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਵਾਲੇ ਵਿਧਾਇਕਾਂ ਦੀ ਕੈਪਟਨ ਨਾਲ ਮੀਟਿੰਗ ਬਣੀ ਚਰਚਾ ਦਾ ਵਿਸ਼ਾ

ਸਿੱਧੂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਵਾਲੇ ਵਿਧਾਇਕਾਂ ਦੀ ਕੈਪਟਨ ਨਾਲ ਮੀਟਿੰਗ ਬਣੀ ਚਰਚਾ ਦਾ ਵਿਸ਼ਾ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਕਾਟੋ ਕਲੇਸ਼ ਦੌਰਾਨ ਸਿੱਧੂ ਧੜੇ ਦੇ ਕੁਝ ਵਿਧਾਇਕਾਂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਗਈ। ਇਨ੍ਹਾਂ ‘ਚ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਅਤੇ ਨਵਤੇਜ ਸਿੰਘ ਚੀਮਾ ਸ਼ਾਮਲ ਸਨ। ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਰਹੇ। ਇਹ ਵਿਧਾਇਕ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਦੌਰਾਨ ਕੀਤੇ ਵਿਧਾਇਕਾਂ ਦੇ ਸ਼ਕਤੀ ਪ੍ਰਦਰਸ਼ਨ ‘ਚ ਸ਼ਾਮਲ ਸਨ। ਇਸ ਤੋਂ ਇਲਾਵਾ ਪਿਛਲੇ ਦਿਨੀਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਤੇ ਵਿਧਾਇਕਾਂ ਵਲੋਂ ਜਦੋਂ ਮੀਟਿੰਗ ਕਰਕੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਇਨ੍ਹਾਂ ਵਿਧਾਇਕਾਂ ਨੇ ਸਿੱਧੂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਸੀ। ਇਸ ਮਗਰੋਂ ਕੈਪਟਨ ਵਲੋਂ 7 ਅਜਿਹੇ ਵਿਧਾਇਕਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਵਲੋਂ ਸਿੱਧੂ ਖੇਮੇ ਦੇ ਸ਼ਕਤੀ ਪ੍ਰਦਰਸ਼ਨ ‘ਚ ਸ਼ਾਮਲ ਨਾ ਹੋਣ ਸਬੰਧੀ ਹਾਮੀ ਭਰ ਦਿੱਤੀ ਗਈ ਪਰ ਵਿਧਾਇਕ ਗੁਰਕੀਰਤ ਕੋਟਲੀ ਨੇ ਆਪਣਾ ਨਾਮ ਇਸ ਸੂਚੀ ‘ਚ ਸ਼ਾਮਲ ਹੋਣ ‘ਤੇ ਇਤਰਾਜ਼ ਉਠਾਉਂਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਉਨ੍ਹਾਂ ਨਾਲ ਬਿਨਾਂ ਸੰਪਰਕ ਕੀਤੇ ਸੂਚੀ ‘ਚ ਨਾਮ ਪਾ ਦਿੱਤਾ ਗਿਆ, ਜਦ ਕਿ ਉਹ ਸਵੇਰ ਤੋਂ ਸਿੱਧੂ ਖੇਮੇ ਦੀਆਂ ਮੀਟਿੰਗਾਂ ‘ਚ ਸ਼ਾਮਿਲ ਰਹੇ। ਹੁਣ ਇਸ ਵਿਧਾਇਕ ਸਮੇਤ ਬਾਕੀ ਸਿੱਧੂ ਖੇਮੇ ਦੇ ਚਾਰੇ ਵਿਧਾਇਕਾਂ ਦੀ ਕੈਪਟਨ ਨਾਲ ਮੁਲਾਕਾਤ ਕਾਰਨ ਸਿਆਸੀ ਚਰਚਾ ਛਿੜ ਗਈ ਹੈ।
ਉਧਰ ਪਿਛਲੇ ਦਿਨੀਂ ਅਚਾਨਕ ਹਾਈਕਮਾਨ ਨੂੰ ਦਿੱਲੀ ਮਿਲਣ ਪੁੱਜੇ ਨਵਜੋਤ ਸਿੰਘ ਸਿੱਧੂ ਬੇਰੰਗ ਪਰਤ ਆਉਣ ਮਗਰੋਂ ਚੁੱਪ ਧਾਰੀ ਬੈਠੇ ਹਨ। ਸਿੱਧੂ ਵਲੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਸੱਦੇ ਇਕ ਦਿਨਾ ਵਿਸ਼ੇਸ਼ ਇਜਲਾਸ ‘ਚ ਸ਼ਿਰਕਤ ਤਾਂ ਕੀਤੀ ਗਈ ਪਰ ਉੱਥੇ ਵੀ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਭੱਠਲ ਨੂੰ ਫਿਰ ਮਿਲੇ ਸਿੱਧੂ
ਨਵਜੋਤ ਸਿੰਘ ਸਿੱਧੂ ਵਲੋਂ ਫਿਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਮੁਲਾਕਾਤ ਕੀਤੀ ਗਈ। ਉਹ ਬੀਬੀ ਭੱਠਲ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮਿਲਣ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵੇਂ ਆਗੂਆਂ ਦੀ ਕਈ ਮੁੱਦਿਆਂ ‘ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੀਬੀ ਭੱਠਲ ਨੂੰ ਮਿਲਣ ਲਈ ਪਹੁੰਚੇ ਸਨ।
ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਨਵੀਂ ਦਿੱਲੀ : ਸਾਬਕਾ ਆਈ.ਪੀ.ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੇਂਦਰ ਸਰਕਾਰ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਲਾਲਪੁਰਾ ਪੰਜਾਬ ਦੇ ਰਹਿਣ ਵਾਲੇ ਹਨ ਤੇ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਲਾਲਪੁਰਾ ਨੇ ਸਿੱਖ ਫਿਲਾਸਫੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਲਾਲਪੁਰਾ ਪ੍ਰੈਜ਼ੀਡੈਂਟਸ ਪੁਲਿਸ ਮੈਡਲ ਸਮੇਤ ਕਈ ਪੁਰਸਕਾਰ ਹਾਸਲ ਕਰ ਚੁੱਕੇ ਹਨ, ਜਿਨ੍ਹਾਂ ਨੂੰ ਪੁਲਿਸ ਮੈਡਲ ਸਲਾਹੁਣਯੋਗ ਸੇਵਾਵਾਂ ਬਦਲੇ, ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ ਤੇ ਸਿੱਖ ਸਕਾਲਰ ਪੁਰਸਕਾਰ ਮਿਲ ਚੁੱਕੇ ਹਨ। ਲਾਲਪੁਰਾ ਨੇ ਸਿੱਖ ਇਤਿਹਾਸ ਨਾਲ ਸਬੰਧਿਤ 14 ਕਿਤਾਬਾਂ ਲਿਖੀਆਂ ਹਨ।

Check Also

ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …