Breaking News
Home / ਪੰਜਾਬ / ਪੰਜਾਬ ਦੇ ਥਰਮਲ ਪਲਾਂਟਾਂ ਵਿਚੋਂ ਕੋਲੇ ਦਾ ਭੰਡਾਰ ਮੁੱਕਣ ਕਿਨਾਰੇ

ਪੰਜਾਬ ਦੇ ਥਰਮਲ ਪਲਾਂਟਾਂ ਵਿਚੋਂ ਕੋਲੇ ਦਾ ਭੰਡਾਰ ਮੁੱਕਣ ਕਿਨਾਰੇ

ਬਿਜਲੀ ਦਾ ਸੰਕਟ ਹੋਰ ਵਧਣ ਦਾ ਖਦਸ਼ਾ
ਮਾਨਸਾ/ਬਿਊਰੋ ਨਿਊਜ਼ : ਪੰਜਾਬ ਵਿੱਚ ਮੀਂਹ ਪੈਣ ਦੇ ਬਾਵਜੂਦ ਬਿਜਲੀ ਸੰਕਟ ਲਗਾਤਾਰ ਮੰਡਰਾਉਂਦਾ ਰਿਹਾ ਹੈ, ਜਿਸ ਤਹਿਤ ਹੁਣ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ ਮੁੱਕ ਜਾਣ ਕਾਰਨ ਕਿਸੇ ਵੇਲੇ ਵੀ ਤਾਪ ਘਰਾਂ ਦੇ ਬੰਦ ਹੋਣ ਦਾ ਘੁੱਗੂ ਵੱਜ ਸਕਦਾ ਹੈ। ਰਾਜ ਦੇ ਤਾਪ ਘਰਾਂ ਲਈ ਬਾਹਰਲੇ ਰਾਜਾਂ ‘ਚੋਂ ਆਉਂਦਾ ਕੋਲਾ ਮਾੜੇ ਮੌਸਮ ਦੀ ਭੇਟ ਚੜ੍ਹਨ ਲੱਗਿਆ ਹੈ, ਜਿਸ ਕਾਰਨ ਛੱਤੀਸਗੜ੍ਹ ਅਤੇ ਝਾਰਖੰਡ ਸਮੇਤ ਅਸਾਮ ਤੋਂ ਕੋਲੇ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ।
ਭਾਵੇਂ ਇਸ ਵੇਲੇ ਰਾਜ ਨੂੰ 6500 ਮੈਗਾਵਾਟ ਤੋਂ ਵੱਧ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਹੈ ਪਰ ਕੋਲੇ ਦੀ ਘਾਟ ਕਾਰਨ ਅਗਲੇ ਦਿਨਾਂ ਦੌਰਾਨ ਰਾਜ ਵਿੱਚ ਬਿਜਲੀ ਦਾ ਸੰਕਟ ਹੋਰ ਗਹਿਰਾ ਹੋਣ ਦਾ ਖਦਸ਼ਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਉੱਚ ਅਧਿਕਾਰੀਆਂ ਵੱਲੋਂ ਰਾਜ ਦੇ ਸਾਰੇ ਤਾਪ ਘਰਾਂ ਤੋਂ ਕੋਲੇ ਸਬੰਧੀ ਭੰਡਾਰ ਦੀ ਤਾਜ਼ਾ ਸੂਚਨਾ ਮੰਗਵਾਈ ਗਈ ਹੈ, ਜਿਸ ਤੋਂ ਪਤਾ ਲੱਗਿਆ ਹੈ ਕਿ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲਾਏ ਗਏ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵਿੱਚ ਆਪਣੀ ਖਪਤ ਅਨੁਸਾਰ ਮਸਾਂ 8-9 ਦਿਨ ਦਾ ਕੋਲਾ ਸਟਾਕ ਹੈ, ਜਦਕਿ ਤਾਪ ਘਰ ਦੇ ਇਸ ਵੇਲੇ ਤਿੰਨ ਵਿੱਚੋਂ ਦੋ ਯੂਨਿਟ ਹੀ ਚੱਲ ਰਹੇ ਹਨ। 1980 ਮੈਗਾਵਾਟ ਦੇ ਇਸ ਤਾਪ ਘਰ ਦਾ ਯੂਨਿਟ-1 ਬੰਦ ਪਿਆ ਹੈ, ਜਦਕਿ ਯੂਨਿਟ-2 ਅਤੇ 3 ਇਸ ਵੇਲੇ ਚਾਲੂ ਹਾਲਤ ਵਿੱਚ ਹਨ, ਜਿਨ੍ਹਾਂ ਤੋਂ ਲਗਭਗ 607 ਅਤੇ 626 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਸੀ। ਇਸ ਤਾਪ ਘਰ ਦੇ ਬੰਦ ਪਏ ਯੂਨਿਟ-1 ਦੇ ਚਾਲੂ ਹੋਣ ਸਬੰਧੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਰਾਜ ਵਿੱਚ 1400 ਮੈਗਾਵਾਟ ਦੀ ਸਮਰੱਥਾ ਵਾਲੇ ਇੱਕ ਹੋਰ ਪ੍ਰਾਈਵੇਟ ਕੰਪਨੀ ਐੱਲਐਂਡਟੀ ਦੇ ਰਾਜਪੁਰਾ ਸਥਿਤ ਨਾਭਾ ਤਾਪ ਘਰ ਵਿੱਚ ਇਸ ਵੇਲੇ ਲਗਭਗ 10 ਦਿਨਾਂ ਦੇ ਕੋਲੇ ਦਾ ਭੰਡਾਰ ਬਚਿਆ ਹੈ ਅਤੇ ਇਹ ਤਾਪ ਘਰ ਇਸ ਵੇਲੇ 675 ਅਤੇ 658 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ।
ਗੋਬਿੰਦਵਾਲ ਸਾਹਿਬ ਵਿਖੇ ਲੱਗੇ ਇੱਕ ਹੋਰ ਪ੍ਰਾਈਵੇਟ ਤਾਪ ਘਰ ਜੀਵੀਕੇ ਕੋਲ ਸਿਰਫ਼ 2-3 ਦਿਨਾਂ ਦਾ ਹੀ ਕੋਲਾ ਬਚਿਆ ਹੈ ਅਤੇ ਇਸ ਤਾਪ ਘਰ ਦੇ ਦੋਵੇਂ ਯੂਨਿਟ 540 ਮੈਗਾਵਾਟ ਦੀ ਸਮਰੱਥਾ ਵਿਚੋਂ ਲਗਭਗ 500 ਮੈਗਾਵਾਟ ਬਿਜਲੀ ਉਤਰੀ ਗਰਿੱਡ ਨੂੰ ਸਪਲਾਈ ਕਰ ਰਹੇ ਹਨ। ਇਸ ਵੇਲੇ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚਾਰ ਯੂਨਿਟਾਂ ਵਿੱਚੋਂ ਸਿਰਫ਼ ਇੱਕ ਯੂਨਿਟ (ਨੰਬਰ-3) 212 ਮੈਗਾਵਾਟ ਬਿਜਲੀ ਸਪਲਾਈ ਹੀ ਕਰ ਰਿਹਾ ਹੈ, ਜਦੋਂ ਬਾਕੀ ਯੂਨਿਟ ਬੰਦ ਪਏ ਹਨ। ਲਹਿਰਾ ਮੁਹੱਬਤ ਤਾਪ ਘਰ ਵਿੱਚ 4095 ਮੀਟਰਕ ਟਨ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ 3759 ਮੀਟਰਕ ਟਨ ਕੋਲਾ ਸਪਲਾਈ ਕੀਤਾ ਗਿਆ ਸੀ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਇੱਕ ਬੁਲਾਰੇ ਨੇ ਭਾਵੇਂ ਅਗਲੇ ਦਿਨਾਂ ਵਿੱਚ ਕੋਲਾ ਆਉਣ ਦੀ ਹਾਮੀ ਭਰੀ ਹੈ ਪਰ ਜੇਕਰ ਮੌਸਮ ਠੀਕ ਨਹੀਂ ਰਹਿੰਦਾ ਹੈ ਤਾਂ ਬਣਾਂਵਾਲਾ ਥਰਮਲ ਪਲਾਂਟ ਬੰਦ ਹੋਣ ਦੀ ਸੰਭਾਵਨਾ ਹੈ।
ਬੇਗੋਵਾਲ ਦੇ ਨੌਜਵਾਨ ਗੁਰਜੀਤਪਾਲ ਦੀ ਅਮਰੀਕਾ ‘ਚ ਹੱਤਿਆ
ਬੇਗੋਵਾਲ : ਕਪੂਰਥਲਾ ਜ਼ਿਲ੍ਹੇ ਦੇ ਕਸਬਾ ਬੇਗੋਵਾਲ ਅਧੀਨ ਆਉਂਦੇ ਪਿੰਡ ਬੱਸੀ ਦੇ 22 ਸਾਲਾ ਨੌਜਵਾਨ ਗੁਰਜੀਤਪਾਲ ਸਿੰਘ ਨੂੰ ਅਮਰੀਕਾ ਦੇ ਸ਼ਹਿਰ ਟੈਕਸਸ ‘ਚ ਸਟੋਰ ‘ਤੇ ਕੰਮ ਕਰਦਿਆਂ ਅਮਰੀਕੀ ਮੂਲ ਦੇ ਕਾਲੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੁਰਜੀਤਪਾਲ ਸਿੰਘ ਪੁੱਤਰ ਸਿਮਰਜੀਤ ਸਿੰਘ ਵਾਸੀ ਬੱਸੀ ਬੇਗੋਵਾਲ (ਕਪੂਰਥਲਾ) ਨੂੰ ਮਾਪਿਆਂ ਨੇ 5 ਸਾਲ ਪਹਿਲਾਂ ਅਮਰੀਕਾ ਭੇਜਿਆ ਸੀ ਤੇ ਉਹ ਟੈਕਸਸ ਦੇ ਇਕ ਸਟੋਰ ‘ਤੇ ਕੰਮ ਕਰਦਾ ਸੀ। ਬੀਤੇ ਦਿਨ ਰਾਤ 11 ਵਜੇ ਉਹ ਸਟੋਰ ‘ਤੇ ਸੀ ਕਿ ਇਕ ਅਮਰੀਕੀ ਮੂਲ ਦਾ ਵਾਸੀ ਕਾਲਾ ਉਥੇ ਇਕ ਗੇਮ ਖੇਡ ਰਿਹਾ ਸੀ। ਟਾਈਮ ਓਵਰ ਹੋਣ ‘ਤੇ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਹੋਰ ਸਮਾਂ ਮੰਗਿਆ। ਸਮਾਂ ਉੱਪਰ ਹੋਣ ‘ਤੇ ਉਸ ਨੂੰ ਕਿਹਾ ਗਿਆ ਕਿ ਜਾਓ ਹੁਣ ਸਟੋਰ ਬੰਦ ਕਰਨਾ ਹੈ ਤਾਂ ਕਾਲਾ ਉਥੋਂ ਚਲਾ ਗਿਆ, ਪਰ 5 ਮਿੰਟ ਬਾਅਦ ਹੀ ਉਹ ਫਿਰ ਸਟੋਰ ‘ਤੇ ਵਾਪਸ ਆਇਆ ਤੇ ਸਟੋਰ ਬੰਦ ਕਰ ਰਹੇ ਗੁਰਜੀਤਪਾਲ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …