Breaking News
Home / ਭਾਰਤ / ਪੰਜਾਬ ਸਣੇ ਭਾਰਤ ਦੇ ਸੱਤ ਸੂਬਿਆਂ ‘ਚ ਪੜ੍ਹਾਈ ਵਿਚਾਲੇ ਛੱਡਣ ਦੀ ਦਰ ਕੌਮੀ ਔਸਤ ਤੋਂ ਜ਼ਿਆਦਾ

ਪੰਜਾਬ ਸਣੇ ਭਾਰਤ ਦੇ ਸੱਤ ਸੂਬਿਆਂ ‘ਚ ਪੜ੍ਹਾਈ ਵਿਚਾਲੇ ਛੱਡਣ ਦੀ ਦਰ ਕੌਮੀ ਔਸਤ ਤੋਂ ਜ਼ਿਆਦਾ

ਵੱਖ-ਵੱਖ ਸੂਬਿਆਂ ਨਾਲ ਮੀਟਿੰਗ ਮਗਰੋਂ ਮਿਲੀ ਜਾਣਕਾਰੀ; ਕੇਂਦਰ ਨੇ ਸੂਬਿਆਂ ਨੂੰ ਵਿਸ਼ੇਸ਼ ਕਦਮ ਚੁੱਕਣ ਦਾ ਦਿੱਤਾ ਸੁਝਾਅ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸੱਤ ਸੂਬਿਆਂ ‘ਚ ਸੈਕੰਡਰੀ ਪੱਧਰ ‘ਤੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਵਿਚਾਲੇ ਹੀ ਛੱਡਣ ਦੀ ਦਰ ਸਾਲ 2021-22 ‘ਚ ਕੌਮੀ ਔਸਤ 12.6 ਫ਼ੀਸਦ ਤੋਂ ਵੱਧ ਹੈ।
ਇਨ੍ਹਾਂ ਸੂਬਿਆਂ ‘ਚ ਪੰਜਾਬ, ਗੁਜਰਾਤ, ਬਿਹਾਰ, ਕਰਨਾਟਕ ਅਤੇ ਅਸਾਮ ਆਦਿ ਸ਼ਾਮਲ ਹਨ। ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ ਨੂੰ ‘ਡਰਾਪ ਆਊਟ’ ਦਰ ਘੱਟ ਕਰਨ ਲਈ ਵਿਸ਼ੇਸ਼ ਕਦਮ ਚੁੱਕਣ ਦਾ ਸੁਝਾਅ ਦਿੱਤਾ ਹੈ।
ਸਮੱਗਰ ਸਿੱਖਿਆ ਪ੍ਰੋਗਰਾਮ ਬਾਰੇ ਸਿੱਖਿਆ ਮੰਤਰਾਲੇ ਤਹਿਤ ਪ੍ਰਾਜੈਕਟ ਮਨਜ਼ੂਰੀ ਬੋਰਡ (ਪੀਏਬੀ) ਦੀ ਸਾਲ 2023-24 ਦੀ ਕਾਰਜ ਯੋਜਨਾ ਸਬੰਧੀ ਮੀਟਿੰਗਾਂ ਦੇ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਮਿਲੀ ਹੈ। ਇਹ ਮੀਟਿੰਗਾਂ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਾਰਚ ਅਤੇ ਮਈ ਮਹੀਨੇ ਦੌਰਾਨ ਹੋਈਆਂ ਸਨ। ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਸਾਲ 2030 ਤੱਕ ਸਕੂਲੀ ਸਿੱਖਿਆ ਦੇ ਪੱਧਰ ‘ਤੇ 100 ਫ਼ੀਸਦ ਕੁੱਲ ਐਨਰੋਲਮੈਂਟ ਦਰ (ਜੀਈਆਰ) ਹਾਸਲ ਕਰਨਾ ਚਾਹੁੰਦੀ ਹੈ ਪਰ ਬੱਚਿਆਂ ਦੇ ਪੜ੍ਹਾਈ ਵਿਚਾਲੇ ਹੀ ਛੱਡਣ ਨੂੰ ਇਸ ‘ਚ ਅੜਿੱਕਾ ਮੰਨ ਰਹੀ ਹੈ। ਪੀਏਬੀ ਦੀ ਮੀਟਿੰਗ ਦੇ ਦਸਤਾਵੇਜ਼ਾਂ ਮੁਤਾਬਕ ਸਾਲ 2021-22 ‘ਚ ਬਿਹਾਰ ਦੇ ਸਕੂਲਾਂ ‘ਚ ਸੈਕੰਡਰੀ ਪੱਧਰ ‘ਤੇ ਡਰਾਪ ਆਊਟ ਦਰ 20.46 ਫ਼ੀਸਦ, ਗੁਜਰਾਤ ‘ਚ 17.85 ਫ਼ੀਸਦ, ਆਂਧਰਾ ਪ੍ਰਦੇਸ਼ ‘ਚ 16.7 ਫ਼ੀਸਦ, ਅਸਾਮ ‘ਚ 20.3 ਫ਼ੀਸਦ, ਕਰਨਾਟਕ ‘ਚ 14.6 ਫ਼ੀਸਦ, ਪੰਜਾਬ ‘ਚ 17.2 ਫ਼ੀਸਦ, ਮੇਘਾਲਿਆ ‘ਚ 21.7 ਫ਼ੀਸਦ ਦਰਜ ਕੀਤੀ ਗਈ। ਦਸਤਾਵੇਜ਼ਾਂ ਮੁਤਾਬਕ ਦਿੱਲੀ ਦੇ ਸਕੂਲਾਂ ‘ਚ ਮੁੱਢਲੇ ਪੱਧਰ ‘ਤੇ ਐਨਰੋਲਮੈਂਟ ‘ਚ ਕਰੀਬ ਤਿੰਨ ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਸੈਕੰਡਰੀ ਪੱਧਰ ‘ਤੇ ਐਨਰੋਲਮੈਂਟ ‘ਚ ਕਰੀਬ ਪੰਜ ਫ਼ੀਸਦ ਦੀ ਗਿਰਾਵਟ ਆਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਸਕੂਲੀ ਸਿੱਖਿਆ ਦੇ ਘੇਰੇ ਤੋਂ ਬਾਹਰ ਵੱਡੀ ਗਿਣਤੀ ‘ਚ ਵਿਦਿਆਰਥੀ ਹਨ। ਅਜਿਹੇ ‘ਚ ਸਿੱਖਿਆ ਦੀ ਮੁੱਖ ਧਾਰਾ ‘ਚ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੀ ਗਿਣਤੀ ਬਾਰੇ ਪ੍ਰਦੇਸ਼ ਨੂੰ ‘ਪ੍ਰਬੰਧ ਪੋਰਟਲ’ ‘ਤੇ ਜਾਣਕਾਰੀ ਅਪਲੋਡ ਕਰਨੀ ਚਾਹੀਦੀ ਹੈ। ਮੀਟਿੰਗ ‘ਚ ਮੰਤਰਾਲੇ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਸੈਕੰਡਰੀ ਸਕੂਲ ਪੱਧਰ ‘ਤੇ ਸਾਲ 2020-21 ਦੇ ਮੁਕਾਬਲੇ ‘ਚ 2021-22 ‘ਚ ਡਰਾਪ ਆਊਟ ਦਰ ‘ਚ ਕਾਫੀ ਸੁਧਾਰ ਦਰਜ ਕੀਤਾ ਗਿਆ ਹੈ। ਦਸਤਾਵੇਜ਼ਾਂ ਮੁਤਾਬਕ ਮਹਾਰਾਸ਼ਟਰ ‘ਚ ਸੈਕੰਡਰੀ ਪੱਧਰ ‘ਤੇ ਡਰਾਪ ਆਊਟ ਦਰ ਸਾਲ 2020-21 ਦੇ 11.2 ਫ਼ੀਸਦ ਤੋਂ ਬਿਹਤਰ ਹੋ ਕੇ ਸਾਲ 2021-22 ‘ਚ 10.7 ਫ਼ੀਸਦ ਦਰਜ ਕੀਤੀ ਗਈ। ਇਸੇ ਤਰ੍ਹਾਂ ਰਾਜਸਥਾਨ ‘ਚ ਡਰਾਪ ਆਊਟ ਦਰ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਬਾਲ ਫੰਡ ਦੇ ਪਿਛਲੇ ਸਾਲ ਦੇ ਸਰਵੇਖਣ ‘ਚ ਲੜਕੀਆਂ ਵੱਲੋਂ ਸਕੂਲ ਵਿਚਾਲੇ ਹੀ ਛੱਡਣ ਦੇ ਕਾਰਨਾਂ ‘ਚ ਕਿਹਾ ਗਿਆ ਸੀ ਕਿ 33 ਫ਼ੀਸਦੀ ਲੜਕੀਆਂ ਦੀ ਪੜ੍ਹਾਈ ਘਰੇਲੂ ਕੰਮਾਂ ਕਰਕੇ ਵਿਚਾਲੇ ਹੀ ਰਹਿ ਜਾਂਦੀ ਹੈ। ਸਰਵੇਖਣ ਮੁਤਾਬਕ ਕਈ ਥਾਵਾਂ ‘ਤੇ ਬੱਚਿਆਂ ਨੇ ਸਕੂਲ ਛੱਡਣ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਮਜ਼ਦੂਰੀ ਜਾਂ ਲੋਕਾਂ ਦੇ ਘਰਾਂ ‘ਚ ਸਫ਼ਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।

Check Also

ਅਰਵਿੰਦ ਕੇਜਰੀਵਾਲ ਨੇ ਸੀਐਮ ਰਿਹਾਇਸ਼ ਛੱਡੀ

ਪੰਜਾਬ ਦੇ ਕਾਰੋਬਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਪਹੁੰਚੇ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ …