ਚੰਡੀਗੜ੍ਹ ‘ਚ ਪੰਜਾਬੀਆਂ ਦੇ ਸੰਘਰਸ਼ ਨੇ ਇਕ ਪੜਾਅ ਜਿੱਤਿਆ : ਦੀਪਕ ਚਨਾਰਥਲ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਪੰਜਾਬ ਦਾ ਸੀ ਅਤੇ ਪੰਜਾਬ ਦਾ ਹੀ ਰਹੇਗਾ, ਬਹੁਤ ਦੇਰ ਬਾਅਦ ਇਹ ਸਹੀ ਕਾਰਵਾਈ ਹੋਈ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਵੇਂ ਬਣ ਰਹੇ ਰੇਲਵੇ ਸਟੇਸ਼ਨ ‘ਤੇ ਮਾਂ ਬੋਲੀ ਪੰਜਾਬੀ ਨੂੰ ਬਣਦਾ ਉਸ ਦਾ ਮੋਹਰੀ ਸਥਾਨ ਮਿਲਿਆ ਹੈ। ਇਹ ਪੜਾਅ ਜਿੱਤਣ ਵਿਚ ਚੰਡੀਗੜ੍ਹ ਪੰਜਾਬੀ ਮੰਚ ਅਤੇ ਉਸ ਦੇ ਸਮੂਹ ਸਹਿਯੋਗੀ ਸੰਗਠਨਾਂ ਦਾ ਅਹਿਮ ਯੋਗਦਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਚਲੋ ਦੇਰ ਆਏ ਆਖਰ ਦਰੁਸਤ ਆਏ। ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬੀ ਦਰਦੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਆਪਣੀ ਲੜਾਈ ਇਕੱਲੇ ਤਖਤੀਆਂ-ਬੋਰਡਾਂ ‘ਤੇ ਪੰਜਾਬੀ ਬੋਲੀ ਵਿਚ ਨਾਂ ਲਿਖਵਾਉਣ ਦੀ ਹੀ ਨਹੀਂ ਹੈ, ਚੰਡੀਗੜ੍ਹ ਵਿਚ ਅਧਿਕਾਰਤ ਤੌਰ ‘ਤੇ, ਪ੍ਰਸ਼ਾਸਨਿਕ ਤੌਰ ‘ਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਮ ਹਾਸਲ ਕਰਨ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਦੀਪਕ ਚਨਾਰਥਲ ਨੇ ਭਾਰਤੀ ਰੇਲਵੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੁਕਰੀਆ ਤੁਸਾਂ ਇਕ ਚੰਗੀ ਪਹਿਲਕਦਮੀ ਕੀਤੀ ਹੈ, ਅਜਿਹੀ ਸਮਝ ਚੰਡੀਗੜ੍ਹ ਦੇ ਹਰ ਅਦਾਰੇ, ਹਰ ਵਿਭਾਗ ਨੂੰ ਦਿਖਾਉਣੀ ਚਾਹੀਦੀ ਹੈ।

