-2.9 C
Toronto
Friday, December 26, 2025
spot_img
Homeਪੰਜਾਬਸੀਬੀਆਈ ਛਾਪਿਆਂ ਖਿਲਾਫ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਦਾ ਐਲਾਨ

ਸੀਬੀਆਈ ਛਾਪਿਆਂ ਖਿਲਾਫ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਦਾ ਐਲਾਨ

13 ਮਾਰਚ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਆਗੂਆਂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਟਿਕਾਣਿਆਂ ‘ਤੇ ਸੀਬੀਆਈ ਦੇ ਛਾਪਿਆਂ ਨੂੰ ਕੇਂਦਰ ਸਰਕਾਰ ਦੀ ਬਦਲਾ ਲਊ ਨੀਤੀ ਤਹਿਤ ਕੀਤੀ ਕਾਰਵਾਈ ਕਰਾਰ ਦਿੰਦਿਆਂ 13 ਮਾਰਚ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਜਗਮੋਹਨ ਸਿੰਘ ਪਟਿਆਲਾ, ਅਵਤਾਰ ਸਿੰਘ ਮਹਿਮਾ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ, ਨਛੱਤਰ ਸਿੰਘ ਜੈਤੋ, ਸਤਨਾਮ ਸਿੰਘ ਬਹਿਰੂ, ਬਿੰਦਰ ਸਿੰਘ ਗੋਲੇਵਾਲਾ, ਲਖਬੀਰ ਸਿੰਘ ਨਿਜ਼ਾਮਪੁਰ, ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ ਆਦਿ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ 13 ਮਾਰਚ ਨੂੰ ਜ਼ਿਲ੍ਹਾ ਪੱਧਰ ‘ਤੇ ਕੇਂਦਰ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਸੀਬੀਆਈ ਛਾਪਿਆਂ ਵਿਰੁੱਧ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਦੇ ਚੁੱਕੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਲੰਘੀ 21 ਫਰਵਰੀ ਨੂੰ ਕਿਸਾਨਾਂ ਦੇ ਘਰਾਂ ‘ਤੇ ਮਾਰੇ ਛਾਪਿਆਂ ਦੌਰਾਨ ਸੀਬੀਆਈ ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਨਾ ਤਾਂ ਸਹੀ ਢੰਗ ਨਾਲ ਜਾਣਕਾਰੀ ਦਿੱਤੀ, ਨਾ ਹੀ ਸਰਚ ਵਾਰੰਟ ਦਿਖਾਇਆ ਅਤੇ ਨਾ ਹੀ ਐੱਫਆਈਆਰ ਦੀ ਕੋਈ ਕਾਪੀ ਮੁਹੱਈਆ ਕਰਵਾਈ ਹੈ।
ਉਨ੍ਹਾਂ ਆਰੋਪ ਲਾਇਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਹੋਈ ਇਹ ਕਾਰਵਾਈ ‘ਸਿਆਸੀ ਬਦਲਾਖ਼ੋਰੀ’ ਅਤੇ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਮਸਲਿਆਂ ਲਈ ਆਵਾਜ਼ ਉਠਾਉਣ ਅਤੇ ਸੰਘਰਸ਼ ਕਰਨ ਦੇ ਸੰਵਿਧਾਨਕ ਅਤੇ ਜਮਹੂਰੀ ਹੱਕ ਨੂੰ ਦਬਾਉਣ ਲਈ ਕੀਤੀ ਗਈ ਹੈ। ਉਨ੍ਹਾਂ ਨੇ ਅਜਿਹੇ ਯਤਨ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਲੱਗੇ ਕਿਸਾਨ ਮੋਰਚੇ ਦੀ ਮਿਸਾਲੀ ਜਿੱਤ ਕਾਰਨ ਕੇਂਦਰ ਸਰਕਾਰ ਕਿਸਾਨ ਆਗੂਆਂ ਨਾਲ ਖਾਰ ਖਾ ਰਹੀ ਹੈ। ਇਸ ਲਈ ਸੀਬੀਆਈ ਦੇ ਛਾਪੇ ਇਸੇ ਬਦਲਾਖੋਰੀ ਦਾ ਨਤੀਜਾ ਹਨ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ 13 ਮਾਰਚ ਨੂੰ ਸੀਬੀਆਈ ਦੀ ਕਾਰਵਾਈ ਖਿਲਾਫ ਜ਼ਿਲ੍ਹਾ ਕੇਂਦਰਾਂ ‘ਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕਰ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 20 ਮਾਰਚ ਨੂੰ ਦਿੱਲੀ ਵਿੱਚ ਕੀਤਾ ਜਾਣ ਵਾਲਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਹਰ ਹਾਲਤ ਵਿੱਚ ਹੋਵੇਗਾ।

RELATED ARTICLES
POPULAR POSTS