Breaking News
Home / ਪੰਜਾਬ / ‘ਪੰਜਾਬ ਬਚਾਓ ਕਾਫ਼ਲਾ’ ਦੀ ਜੱਲ੍ਹਿਆਂਵਾਲਾ ਬਾਗ ਤੋਂ ਹੋਈ ਸ਼ੁਰੂਆਤ

‘ਪੰਜਾਬ ਬਚਾਓ ਕਾਫ਼ਲਾ’ ਦੀ ਜੱਲ੍ਹਿਆਂਵਾਲਾ ਬਾਗ ਤੋਂ ਹੋਈ ਸ਼ੁਰੂਆਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੀ ਮੌਜੂਦਾ ਸਥਿਤੀ ਤੋਂ ਚਿੰਤਤ ਪੰਜਾਬ ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਹੋਰ ਸ਼ਖ਼ਸੀਅਤਾਂ ਨੇ ਐਤਵਾਰ ਨੂੰ ‘ਪਿੰਡ ਬਚਾਓ, ਪੰਜਾਬ ਬਚਾਓ’ ਯਾਤਰਾ ਤਹਿਤ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਨ ਮਗਰੋਂ ਜੱਲ੍ਹਿਆਂਵਾਲਾ ਬਾਗ਼ ਤੋਂ ‘ਪੰਜਾਬ ਬਚਾਓ ਕਾਫ਼ਲੇ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ, ਕਿਰਨਜੀਤ ਕੌਰ, ਐਡਵੋਕੇਟ ਜਸਵਿੰਦਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਕੁਲਜੀਤ ਸਿੰਘ ਨੇ ਵਿਚਾਰ ਰੱਖੇ। ਇਸ ਦੌਰਾਨ ਕਰਨੈਲ ਸਿੰਘ ਜਖੇਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਯਤਨਸ਼ੀਲ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਨੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਲਿਆ ਹੈ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਹੁਣ ਜਾਗ ਗਿਆ ਹੈ ਤੇ ਆਪਣੇ ਹੱਕਾਂ ਲਈ ਲਹਿਰ ਸਿਰਜਣ ਲਈ ਯਤਨਸ਼ੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਵਾਰਸ ਚਾਹੀਦੇ ਹਨ, ਜਿਹੜੇ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਣ। ਪੰਜਾਬੀ ਜੰਗ ਨਹੀਂ ਚਾਹੁੰਦੇ, ਇਸ ਲਈ ਸਰਕਾਰ ਸਰਹੱਦਾਂ ਖੋਲ੍ਹੇ ਅਤੇ ਵਪਾਰ ਸ਼ੁਰੂ ਕਰੇ। ਉਨ੍ਹਾਂ ਦੱਸਿਆ ਕਿ ਇਹ ਕਾਫ਼ਲਾ 31 ਜਨਵਰੀ ਤੱਕ ਮਾਝਾ, ਮਾਲਵਾ ਤੇ ਦੁਆਬਾ ਦੇ 22 ਜ਼ਿਲ੍ਹਿਆਂ ਵਿਚ ਯਾਤਰਾ ਕਰੇਗਾ ਤੇ ਸੰਵਾਦ ਰਚਾਏਗਾ। ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਕਾਫ਼ਲਾ ਹਰੇਕ ਜ਼ਿਲ੍ਹੇ ਵਿੱਚ ਚਾਰ ਦਿਨ ਰਹੇਗਾ ਅਤੇ ਹਰ ਰੋਜ਼ ਤਿੰਨ ਕਾਨਫਰੰਸਾਂ ਰਾਹੀਂ ਲੋਕਾਂ ਨਾਲ ਸੰਵਾਦ ਰਚਾਏਗਾ। ਪਹਿਲੇ ਪੜਾਅ ਵਜੋਂ ਪਹਿਲੀ ਤੋਂ 16 ਨਵੰਬਰ ਤੱਕ ਮਾਝੇ ਦੇ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਵਿਚ ਕਾਫ਼ਲਾ ਲੋਕਾਂ ਤੱਕ ਪਹੁੰਚ ਕਰੇਗਾ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …