Breaking News
Home / ਪੰਜਾਬ / ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫਤਾਰ

ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫਤਾਰ

ਕੱਥੂਨੰਗਲ ਤੋਂ ਹੋਈ ਗ੍ਰਿਫਤਾਰੀ; ਛੇ ਮਾਮਲਿਆਂ ਵਿੱਚ ਲੋੜੀਂਦੇ ਪਪਲਪ੍ਰੀਤ ਸਿੰਘ ‘ਤੇ ਐੱਨਐੱਸਏ ਲਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਬੇ ਦੇ ਆਈਜੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਪਲਪ੍ਰੀਤ ਸਿੰਘ ਨੂੰ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਅਧੀਨ ਫੜਿਆ ਹੈ ਅਤੇ ਉਸ ਖਿਲਾਫ ਛੇ ਹੋਰ ਅਪਰਾਧਿਕ ਮਾਮਲੇ ਦਰਜ ਹਨ। ਆਈਜੀ (ਹੈੱਡਕੁਆਰਟਰ) ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਵੀ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਵਿਅਕਤੀ ਨੂੰ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦੀ ਪੁਲਿਸ ਵੱਲੋਂ ਕੱਥੂਨੰਗਲ ਖੇਤਰ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਅਹਿਮ ਇਸ ਲਈ ਹੈ ਕਿਉਂਕਿ ਇਹ ਲਗਾਤਾਰ ਅੰਮ੍ਰਿਤਪਾਲ ਸਿੰਘ ਦੇ ਨਾਲ ਰਿਹਾ ਹੈ। ਇਸ ਲਈ ਰੂਪੋਸ਼ ਚੱਲੇ ਆ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਵਾਂ ਬਾਰੇ ਵੀ ਪੁਲਿਸ ਨੂੰ ਜਾਣਕਾਰੀ ਹਾਸਲ ਹੋ ਜਾਵੇਗੀ।
ਅੰਮ੍ਰਿਤਪਾਲ ਦੇ ਨੇਪਾਲ ‘ਚ ਦਾਖ਼ਲ ਹੋਣ ਬਾਰੇ ਗੁਆਂਢੀ ਮੁਲਕ ਦੀ ਪੁਲਿਸ ਅਲਰਟ
ਕਾਠਮੰਡੂ : ਨੇਪਾਲ ਪੁਲਿਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਉਨ੍ਹਾਂ ਦੇ ਮੁਲਕ ਵਿਚ ਦਾਖਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਮੁਲਕ ਦੀ ਨਿਗਰਾਨੀ ਸੂਚੀ ਵਿਚ ਰੱਖਿਆ ਗਿਆ ਸੀ। ਨੇਪਾਲ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਨੇਪਾਲ ਵਿਚ ਦਾਖਲ ਹੋਣ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ, ਪਰ ਪੁਲਿਸ ਨੂੰ ਅਲਰਟ ਉਤੇ ਰੱਖਿਆ ਗਿਆ ਹੈ।

 

Check Also

ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ

ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …