ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘੇ ਲਈ ਰੱਖੀ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਇਛੁੱਕ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਣੀ ਚਾਹੀਦੀ ਹੈ। ਵੱਡੀ ਗਿਣਤੀ ਲੋਕਾਂ ਕੋਲ ਪਾਸਪੋਰਟ ਨਹੀਂ ਹਨ ਪਰ ਉਹ ਸਰਹੱਦ ਪਾਰ ਗੁਰੂ ਘਰ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ। ਇਸ ਕਰਕੇ ਸ਼ਨਾਖਤ ਲਈ ਪਾਸਪੋਰਟ ਦੀ ਥਾਂ ਹੋਰ ਦਸਤਾਵੇਜ਼ ਵਰਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸੀਨੀਅਰ ਸਿਟੀਜ਼ਨਜ਼ ਲਈ ਇਹ ਸ਼ਰਤ ਬਿਲਕੁਲ ਖਤਮ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਡੇਰੀ ਉਮਰ ਦੇ ਕਈ ਲੋਕ ਦੇਸ਼ ਦੀ ਵੰਡ ਦਾ ਸ਼ਿਕਾਰ ਹੋ ਕੇ ਇੱਧਰ ਆ ਵਸੇ ਸਨ। ਉਹ ਆਪਣੀ ਜਨਮ ਭੋਇੰ ਦੇ ਦਰਸ਼ਨ ਕਰਨੇ ਚਾਹੁੰਦੇ ਹਨ।
ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਫਰਲੋ ਦੌਰਾਨ ਵੱਡੀ ਸੁੱਰਖਿਆ ਛਤਰੀ ਮੁਹੱਈਆ ਕਰਵਾਉਣ ‘ਤੇ ਇਤਰਾਜ਼ ਪ੍ਰਗਟਾਇਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਵਿਅਕਤੀ ਸੰਗੀਨ ਅਪਰਾਧ ਹੇਠ ਸਜ਼ਾ ਭੁਗਤ ਰਿਹਾ ਹੈ। ਸਿਰਫ ਤਿੰਨ ਸਾਲ ਦੀ ਸਜ਼ਾ ਦੌਰਾਨ ਹੀ ਉਸ ਨੂੰ ਨਾ ਸਿਰਫ ਫਰਲੋ ਦਿੱਤੀ ਗਈ ਹੈ, ਸਗੋਂ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਇਹ ਗਲਤ ਰੁਝਾਨ ਹੈ। ਸਰਕਾਰਾਂ ਦੇ ਅਜਿਹੇ ਫੈਸਲੇ ਸਿੱਖਾਂ ਨਾਲ ਵਿਤਕਰਾ ਵੀ ਹਨ। ਇਕ ਪਾਸੇ ਢਾਈ ਤੋਂ ਤਿੰਨ ਦਹਾਕੇ ਦੀ ਸਜ਼ਾ ਭੁਗਤ ਕੇ ਕਈ ਸਿੱਖ ਬੰਦੀ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਡੇਰਾ ਮੁਖੀ ਨੂੰ ਫਰਲੋ ਦੇ ਨਾਲ ਸੁਰੱਖਿਆ ਵੀ ਦਿੱਤੀ ਗਈ ਹੈ।