Breaking News
Home / ਪੰਜਾਬ / ਕੈਨੇਡਾ ਦੇ ਕਾਲਜਾਂ ਖਿਲਾਫ ਲੁਧਿਆਣਾ ‘ਚ ਰੋਸ ਪ੍ਰਦਰਸ਼ਨ

ਕੈਨੇਡਾ ਦੇ ਕਾਲਜਾਂ ਖਿਲਾਫ ਲੁਧਿਆਣਾ ‘ਚ ਰੋਸ ਪ੍ਰਦਰਸ਼ਨ

ਲੁਧਿਆਣਾ/ਬਿਊਰੋ ਨਿਊਜ਼ : ਕੈਨੇਡਾ ਦੇ ਕਾਲਜਾਂ ਵਿੱਚ ਕਾਫੀ ਸਮੇਂ ਤੋਂ ਲੱਖਾਂ ਰੁਪਏ ਭਰ ਚੁੱਕੇ ਨੌਜਵਾਨ ਹੁਣ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਕੈਨੇਡਾ ਦੇ ਕਈ ਕਾਲਜ ਲੰਮੇਂ ਸਮੇਂ ਤੋਂ ਬੰਦ ਪਏ ਹਨ, ਜਿਸ ਕਾਰਨ ਨਾ ਉਨ੍ਹਾਂ ਦੀ ਭਰੀ ਹੋਈ ਫੀਸ ਵਾਪਸ ਕੀਤੀ ਜਾ ਰਹੀ ਹੈ ਤੇ ਨਾ ਹੀ ਉਹ ਬਾਹਰ ਜਾ ਸਕਦੇ ਹਨ। ਇਸ ਦੇ ਰੋਸ ਵਿੱਚ ਨੌਜਵਾਨਾਂ ਨੇ ਸਨਅਤੀ ਸ਼ਹਿਰ ਲੁਧਿਆਣਾ ਦੇ ਇੱਕ ਆਈਲੈਟਸ ਸੈਂਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇੱਕ ਮਾਲ ਵਿੱਚ ਚੱਲ ਰਹੇ ਸੈਂਟਰ ਦੇ ਬਾਹਰ ਕਈ ਵਿਦਿਆਰਥੀ ਇਕੱਠੇ ਹੋਏ ਅਤੇ ਉਨ੍ਹਾਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਆਰੋਪ ਲਾਇਆ ਕਿ ਕਾਫ਼ੀ ਸਮਾਂ ਹੋ ਗਿਆ ਹੈ, ਉਨ੍ਹਾਂ ਲੱਖਾਂ ਰੁਪਏ ਫੀਸ ਵੀ ਭਰੀ ਹੈ। ਪਹਿਲਾਂ ਕਰੋਨਾ ਦਾ ਬਹਾਨਾ ਬਣਾਉਂਦੇ ਰਹੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਕਾਲਜ ਬੰਦ ਹੋ ਚੁੱਕੇ ਹਨ। ਉਨ੍ਹਾਂ ਨੂੰ ਨਾ ਤਾਂ ਪੈਸੇ ਵਾਪਸ ਕੀਤੇ ਜਾ ਰਹੇ ਹਨ ਤੇ ਨਾ ਹੀ ਉਨ੍ਹਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਆਰੋਪ ਲਾਇਆ ਕਿ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਹੋਈ ਹੈ। ਸੈਂਟਰ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਭਰੋਸਾ ਮਿਲਣ ‘ਤੇ ਉਨ੍ਹਾਂ ਧਰਨਾ ਖਤਮ ਕੀਤਾ।
ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦਾ ਕਹਿਣਾ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦੇ ਸਨ ਅਤੇ ਉਨ੍ਹਾਂ ਆਈਲੈਟਸ ਦੀ ਪ੍ਰੀਖਿਆ ਵੀ ਪਾਸ ਕਰ ਲਈ ਸੀ। ਉਥੇ ਕਾਲਜਾਂ ‘ਚ ਉਨ੍ਹਾਂ ਦਾ ਦਾਖਲਾ ਵੀ ਹੋ ਗਿਆ ਤੇ ਬਾਅਦ ‘ਚ ਫੀਸ ਵੀ ਭਰਵਾ ਲਈ ਗਈ। ਪਿਛਲੇ ਕਾਫ਼ੀ ਸਮੇਂ ਤੋਂ ਉਹ ਉਥੇ ਨਹੀਂ ਜਾ ਸਕੇ। ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਕਾਰਨ ਕਾਲਜ ਬੰਦ ਪਏ ਸਨ। ਬੱਚਿਆਂ ਨੇ ਆਰੋਪ ਲਾਇਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਥੇ ਕਾਲਜ ਬੰਦ ਹੋ ਚੁੱਕੇ ਹਨ। ਆਈਲੈਟਸ ਸੈਂਟਰ ਨਾਲ ਸੰਪਰਕ ਕੀਤਾ ਤਾਂ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਤੇ ਨਾ ਹੀ ਉਨ੍ਹਾਂ ਦੀ ਫੀਸ ਵਾਪਸ ਕੀਤੀ ਜਾ ਰਹੀ ਸੀ। ਕਾਲਜ ਵੱਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਸੈਂਟਰ ਵਾਲਿਆਂ ਤੋਂ ਪੁੱਛਿਆ ਤਾਂ ਵੀ ਕੋਈ ਠੋਸ ਜਵਾਬ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਲੜਕੇ-ਲੜਕੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲਦੇ, ਉਹ ਪ੍ਰਦਰਸ਼ਨ ਕਰਦੇ ਰਹਿਣਗੇ ਅਤੇ ਆਪਣਾ ਸੰਘਰਸ਼ ਤੇਜ਼ ਕਰਨਗੇ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …