Breaking News
Home / ਪੰਜਾਬ / ਉਮਰਾਨੰਗਲ ਤੇ ਚਰਨਜੀਤ ਲਈ ਜੇਲ੍ਹ ‘ਚ ਹੀ ‘ਵਿਸ਼ੇਸ਼ ਅਹਾਤੇ’ ਦੀ ਤਲਾਸ਼

ਉਮਰਾਨੰਗਲ ਤੇ ਚਰਨਜੀਤ ਲਈ ਜੇਲ੍ਹ ‘ਚ ਹੀ ‘ਵਿਸ਼ੇਸ਼ ਅਹਾਤੇ’ ਦੀ ਤਲਾਸ਼

ਦੋਵਾਂ ਨੂੰ ਹੋਰ ਜੇਲ੍ਹ ਵਿਚ ਤਬਦੀਲ ਕਰਨ ਦੇ ਹੁਕਮ, ਪਰ ਜੇਲ੍ਹ ਬਦਲੀ ਸੌਖੀ ਨਹੀਂ
ਚੰਡੀਗੜ੍ਹ :ਪੰਜਾਬ ਪੁਲਿਸ ਦੇ ਆਈਜੀ (ਮੁਅੱਤਲ) ਪਰਮਰਾਜ ਸਿੰਘ ਉਮਰਾਨੰਗਲ ਅਤੇ ਸੇਵਾਮੁਕਤ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਜੇਲ੍ਹ ਅੰਦਰ ਸੁਰੱਖਿਅਤ ਰੱਖਣ ਲਈ ਸਬੰਧਤ ਵਿਭਾਗ ਨੂੰ ਜੇਲ੍ਹ ਵਿਚ ਹੀ ‘ਵਿਸ਼ੇਸ਼ ਅਹਾਤੇ’ ਦੀ ਤਲਾਸ਼ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਮੁੱਖ ਸਕੱਤਰ ਪੱਧਰ ‘ਤੇ ਭਾਵੇਂ ਉਮਰਾਨੰਗਲ ਅਤੇ ਸ਼ਰਮਾ ਨੂੰ ਪਟਿਆਲਾ ਜੇਲ੍ਹ ਵਿਚੋਂ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਪਰ ਇਨ੍ਹਾਂ ਦੋਵਾਂ ਦੀ ਜੇਲ੍ਹ ਬਦਲੀ ਸੁਖਾਲੀ ਨਹੀਂ ਹੋਵੇਗੀ। ਉੱਚ ਅਧਿਕਾਰੀਆਂ ਦਾ ਦੱਸਣਾ ਹੈ ਕਿ ਪਟਿਆਲਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਥਿਤ ਸੂਬੇ ਦੀਆਂ ਤਿੰਨ ਜੇਲ੍ਹਾਂ ਵਿਚ ਹੀ ਅਜਿਹੇ ਅਹਾਤੇ ਬਣਾਏ ਗਏ ਹਨ ਜਿਨ੍ਹਾਂ ਵਿੱਚ ਹਵਾਲਾਤੀ ਜਾਂ ਕੈਦੀਆਂ ਵਜੋਂ ਸੇਵਾਮੁਕਤ ਜਾਂ ਸੇਵਾ ਅਧੀਨ ਪੁਲਿਸ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪੰਜਾਬ ਦੀ ਹੋਰ ਕਿਸੇ ਜੇਲ੍ਹ ਵਿੱਚ ਪੁਲਸੀਆਂ ਲਈ ਵੱਖਰੇ ਤੌਰ ‘ਤੇ ਅਹਾਤਾ ਨਹੀਂ ਬਣਾਇਆ ਗਿਆ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਉਮਰਾਨੰਗਲ ਅਤੇ ਸ਼ਰਮਾ ਨੂੰ ਪਟਿਆਲਾ ਜੇਲ੍ਹ ਭੇਜਣ ਤੋਂ ਪਹਿਲਾਂ ਆਈਜੀ (ਸੁਰੱਖਿਆ) ਐੱਸਕੇ ਸਿੰਘ ਅਤੇ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਜੇਲ੍ਹ ਦਾ ਦੌਰਾ ਕਰਕੇ ਬਾਕਾਇਦਾ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਆਈਜੀ (ਸੁਰੱਖਿਆ) ਦੇ ਸੁਝਾਅ ਤੋਂ ਬਾਅਦ ਹੀ ਡੀਜੀਪੀ ਦਿਨਕਰ ਗੁਪਤਾ ਦੀਆਂ ਸਿਫ਼ਾਰਸ਼ਾਂ ‘ਤੇ ਉਮਰਾਨੰਗਲ ਨੂੰ ਪਟਿਆਲਾ ਜੇਲ੍ਹ ਵਿਚ ਸੁਰੱਖਿਆ ਦਿੱਤੀ ਗਈ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਜੇਲ੍ਹ ਅੰਦਰ ਸੁਰੱਖਿਆ ਦੇਣੀ ਜੇਲ੍ਹ ਨੇਮਾਂ ਦੀ ਉਲੰਘਣਾ ਨਹੀਂ ਮੰਨਿਆ ਜਾ ਸਕਦਾ। ਸੂਤਰਾਂ ਮੁਤਾਬਕ ਪ੍ਰਮੁੱਖ ਸਕੱਤਰ (ਜੇਲ੍ਹਾਂ) ਕਿਰਪਾ ਸ਼ੰਕਰ ਸਰੋਜ ਵੱਲੋਂ ਪ੍ਰਸ਼ਾਸਕੀ ਆਧਾਰ ‘ਤੇ ਭਾਵੇਂ ਪਰਮਰਾਜ ਸਿੰਘ ਉਮਰਾਨੰਗਲ ਨੂੰ ਸੰਗਰੂਰ ਅਤੇ ਚਰਨਜੀਤ ਸ਼ਰਮਾ ਨੂੰ ਰੋਪੜ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਹਨ, ਪਰ ਜੇਲ੍ਹ ਅਧਿਕਾਰੀਆਂ ਵੱਲੋਂ ਅਧਿਐਨ ਤੋਂ ਬਾਅਦ ਹੀ ਜੇਲ੍ਹ ਬਦਲੀ ਕੀਤੀ ਜਾਵੇਗੀ।
ਉਮਰਾਨੰਗਲ ਨੂੰ ਜੇਲ੍ਹ ਵਿਚ ਮਿਲਣ ਵਾਲੇ ਪੁਲਿਸ ਅਫ਼ਸਰਾਂ ਖ਼ਿਲਾਫ਼ ਹੋਵਗੀ ਕਾਰਵਾਈઠ
ਪਟਿਆਲਾ : ਮੁਅੱਤਲ ਆਈਜੀ ਪਰਮਰਾਜ ਉਮਰਾਨੰਗਲ ਨਾਲ ਜੇਲ੍ਹ ਵਿਚ ਮੁਲਾਕਾਤ ਕਰਨ ਵਾਲੇ ਦਰਜਨ ਤੋਂ ਵੱਧ ਪੁਲਿਸ ਅਫਸਰਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ‘ਵਿਭਾਗੀ ਕਾਰਵਾਈ ਕਰਨ’ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਤੋਂ ‘ਸਪੱਸ਼ਟੀਕਰਨ’ ਵੀ ਮੰਗਿਆ ਜਾਵੇਗਾ। ਕੁਝ ‘ਵੀਆਈਪੀ ਮਹਿਮਾਨਾਂ’ ਨੂੰ ਜੇਲ੍ਹ ਦੀਆਂ ਬੈਰਕਾਂ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਉਮਰਾਨੰਗਲ ਦੇ ਜੇਲ੍ਹ ਵਿਚ ਲਿਆਂਦੇ ਜਾਣ ਤੋਂ ਲੈ ਕੇ ਹੁਣ ਤੱਕ ਦੀ ਪੂਰੀ ਸੀਸੀਟੀਵੀ ਫੁਟੇਜ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ। ਜਾਣਕਾਰੀ ਅਨੁਸਾਰ ਏਆਈਜੀ ਰੈਂਕ ਤੋਂ ਲੈ ਕੇ ਸਬ-ਇੰਸਪੈਕਟਰ ਰੈਂਕ ਤੱਕ ਦੇ ਦਰਜਨ ਤੋਂ ਵੱਧ ਪੁਲਿਸ ਅਫਸਰਾਂ ਨੇ ਜੇਲ੍ਹ ਵਿਚ ਫੇਰੀ ਪਾਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ”ਇਨ੍ਹਾਂ ਵਿੱਚੋਂ ਕੁਝ ਤਾਂ ਕਈ ਵਾਰ ਜੇਲ੍ਹ ਨਿਯਮਾਂ ਦੀ ਪ੍ਰਵਾਹ ਕੀਤੇ ਬਗੈਰ ਬੈਰਕ ਵਿੱਚ ਦਾਖ਼ਲ ਹੋਏ ਹਨ। ਕਈ ਤਾਂ ਆਪਣੀ ਤਾਇਨਾਤੀ ਵਾਲੀਆਂ ਥਾਵਾਂ ਛੱਡ ਕੇ ਜੇਲ੍ਹ ਵਿੱਚ ਉਮਰਾਨੰਗਲ ਨਾਲ ਮੁਲਾਕਾਤ ਕਰਨ ਅਤੇ ਖਾਣਾ ਖਾਣ ਲਈ ਆਏ ਹਨ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ੀ ਅਫ਼ਸਰਾਂ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਕੋਲ ਉਠਾਉਣਗੇ। ਉਨ੍ਹਾਂ ਕਿਹਾ, ”ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਕਾਲੀਆਂ ਦੀਆਂ ਮੀਟਿੰਗਾਂ ਕਰਵਾਉਣ ‘ਚ ਮੱਦਦ ਕਰਨ ਵਾਲੇ ਜੇਲ੍ਹ ਸੁਪਰਡੈਂਟ ਨੂੰ ਤਾਂ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਜਿਹੜੇ ਪੁਲਿਸ ਅਫਸਰ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।”
ਕਾਂਗਰਸੀ ਬੋਲੇ : ‘ਆਪ’ ਛੜਿਆਂ ਦੀ ਪਾਰਟੀ
ਆਮ ਆਦਮੀ ਪਾਰਟੀ ‘ਚ ਅਜੇ ਵੀ ਕਈ ਅਣਵਿਆਹੇ ਆਗੂ ਹਨ। ਇਸ ਨੂੰ ਲੈ ਕੇ ਕਾਂਗਰਸੀ ਆਗੂ ਟਿੱਪਣੀ ਕਰਦੇ ਹਨ ਕਿ ‘ਆਪ’ ਤਾਂ ਛੜਿਆਂ ਦੀ ਪਾਰਟੀ ਹੈ। ਇਨ੍ਹਾਂ ਦੇ ਤਾਂ ਅਜੇ ਵਿਆਹ ਚੱਲ ਰਹੇ ਹਨ। ਹਾਲ ਹੀ ‘ਚ ਕਾਂਗਰਸੀਆਂ ਨੇ ਫਿਰ ਟਿੱਪਣੀ ਕੀਤੀ ਕਿ ਅਗਲੇ ਵਿਧਾਨ ਸਭਾ ਸੈਸ਼ਨ ਤੱਕ ਸਾਰੇ ਵਿਆਹੇ ਜਾਣਗੇ। ਇਸ ‘ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਜਵਾਬ ਦਿੱਤਾ ਕਿ ਕੋਈ ਨਹੀਂ ਸਾਡੇ ਛੜੇ ਆਗੂ ਕਾਂਗਰਸ ਸਰਕਾਰ ਦਾ ਟਾਈਮ ਖਤਮ ਹੋਣ ਤੱਕ ਵਿਆਹੇ ਜਾਣਗੇ ਤਾਂ ਜਦੋਂ ਤਿੰਨ ਸਾਲ ਬਾਅਦ ਕਾਂਗਰਸ ਸਰਕਾਰ ਦਾ ਟਾਈਮ ਖਤਮ ਹੋਵੇਗਾ ਤਾਂ ਦੁਬਾਰਾ ਵਿਧਾਨ ਸਭਾ ਚੋਣਾਂ ਆਉਣਗੀਆਂ ਤਾਂ ਉਦੋਂ ਤੱਕ ਸਾਡੀ ਪਾਰਟੀ ‘ਚ ਹੋਰ ਛੜੇ ਤੇ ਕੁਆਰੇ ਆਗੂ ਆ ਜਾਣਗੇ। ਇਹ ਚਰਚਾ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਦੇ ਦੌਰਾਨ ਸ਼ੁਰੂ ਹੋਈ ਜੋ ਹੁਣ ਤੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਥੇ ਜ਼ਿਕਰਯੋਗ ਹੈ ਕਿ ਬਲਜਿੰਦਰ ਕੌਰ ਦੇ ਵਿਆਹ ਤੋਂ ਪਹਿਲਾਂ ‘ਆਪ’ ਦੇ ਦੋ ਆਗੂ ਵੀ ਵਿਆਹ ਬੰਧਨ ‘ਚ ਬੱਝ ਚੁੱਕੇ ਹਨ।
ਨੀਲਾ ਤੇ ਖੱਟਾ ਰੰਗ ਕਾਂਗਰਸੀਆਂ ਨੂੰ ਰੜਕਿਆ
ਪੰਜਾਬ ‘ਚ ਅਕਾਲੀ ਸਰਕਾਰ ਦੇ ਸਮੇਂ ਤੋਂ ਚੱਲ ਰਹੀਆਂ ਯੋਜਨਾਵਾਂ ਦੇ ਕਾਰਡਾਂ ਦਾ ਨੀਲਾ ਅਤੇ ਖੱਟਾ ਰੰਗ ਕਾਂਗਰਸੀ ਆਗੂਆਂ ਦੀਆਂ ਅੱਖਾਂ ‘ਚ ਚੁਭ ਰਿਹਾ ਹੈ। ਕਾਂਗਰਸੀਆਂ ਨੂੰ ਇਹ ਦੋਵੇਂ ਰੰਗ ਇੰਨੇ ਰੜਕ ਰਹੇ ਹਨ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਨ੍ਹਾਂ ਦਾ ਰੰਗ ਚਿੱਟਾ ਕਰਨ ਦੀ ਮੰਗ ਕੀਤੀ ਹੈ। ਪੰਜਾਬ ਭਵਨ ‘ਚ ਹੋਈ ਮੀਟਿੰਗ ਦੌਰਾਨ ਕਾਂਗਰਸੀ ਆਗੂ ਕੁਝ ਯੋਜਨਾਵਾਂ ਦੇ ਪੁਰਾਣੇ ਕਾਗਜ਼ਾਤ ਦੇਖ ਰਹੇ ਸਨ ਤਾਂ ਉਨ੍ਹਾਂ ਨੂੰ ਕਾਰਡਾਂ ‘ਤੇ ਨੀਲਾ ਅਤੇ ਖੱਟਾ ਰੰਗ ਫਿਰ ਨਜ਼ਰ ਆਇਆ ਤਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੈਪਟਨ ਸਾਹਿਬ ਇਹ ਨੀਲਾ ਅਤੇ ਖੱਟਾ ਰੰਗ ਦੇਖ ਕੇ ਅਕਾਲੀਆਂ ਦੀ ਯਾਦ ਆਉਂਦੀ ਹੈ। ਹੁਣ ਇਨ੍ਹਾਂ ਰੰਗਾਂ ਨੂੰ ਬਦਲ ਕੇ ਚਿੱਟੇ ਰੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਜਨਤਾ ਦੇ ਦਿਲਾਂ ‘ਚੋਂ ਵੀ ਅਕਾਲੀਆਂ ਦੀ ਯਾਦ ਮਿਟ ਜਾਵੇ। ਵੈਸੇ ਵੀ ਸਫੇਦ ਰੰਗ ਕਾਂਗਰਸ ਦਾ ਹੈ। ਇਸ ਲਈ ਚਿੱਟਾ ਰੰਗ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਜਦਕਿ ਬਾਕੀ ਆਗੂਆਂ ਨੇ ਵੀ ਇਸ ਦਾ ਸਮਰਥਨ ਕੀਤਾ ਤਾਂ ਕੈਪਟਨ ਹੱਸਣ ਲੱਗੇ। ਉਨ੍ਹਾਂ ਨੇ ਵੀ ਹੱਸਦੇ ਹੋਏ ਕਿਹਾ ਕਿ ਨੀਲੇ ਅਤੇ ਖੱਟੇ ਰੰਗ ਨੂੰ ਬਦਲ ਕੇ ਸਫੇਦ ਰੰਗ ਨੂੰ ਹੀ ਵਰਤੋਂ ‘ਚ ਲਿਆਂਦਾ ਜਾਵੇ।
ਵੀਆਈਪੀ ਕਲਚਰ ਦਾ ਨਸ਼ਾ
ਪੰਜਾਬ ‘ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਵੀਆਈਪੀ ਕਲਚਰ ਖਤਮ ਹੋਣ ਦਾ ਦਾਅਵਾ ਕਰ ਚੁੱਕੇ ਹਨ ਪ੍ਰੰਤੂ ਕੁਝ ਮੰਤਰੀਆਂ ਨੂੰ ਹੁਣ ਵੀ ਵੀਆਈਪੀ ਕਲਚਰ ਦਾ ਨਸ਼ਾ ਚੜ੍ਹਿਆ ਹੋਇਆ ਹੈ। ਇਕ ਮੰਤਰੀ ਨੇ ਆਪਣੇ ਗੰਨਮੈਨਾਂ ਨੂੰ ਕਹਿ ਰੱਖਿਆ ਹੈ ਕਿ ਉਹ ਜਦੋਂ ਵੀ ਕਾਰ ਤੋਂ ਉਤਰਨ ਤਾਂ ਉਨ੍ਹਾਂ ਦੇ ਲਈ ਬਾਹਰ ਆ ਕੇ ਦਰਵਾਜ਼ਾ ਖੋਲ੍ਹਿਆ ਜਾਵੇ। ਜਦੋਂ ਵੀ ਮੰਤਰੀ ਕਿਤੇ ਜਾਂਦੇ ਹਨ ਤਾਂ ਉਨ੍ਹਾਂ ਦੇ ਗੰਨਮੈਨ ਇਸ ਇੰਤਜ਼ਾਰ ‘ਚ ਰਹਿੰਦੇ ਹਨ ਕਿ ਕਦੋਂ ਕਾਰ ਰੁਕੇ ਅਤੇ ਉਹ ਤੁਰੰਤ ਉਨ੍ਹਾਂ ਦੇ ਲਈ ਬਾਹਰ ਨਿਕਲ ਕੇ ਕਾਰ ਦਾ ਦਰਵਾਜ਼ਾ ਖੋਲ੍ਹਣ। ਗੰਨਮੈਨਾਂ ‘ਚ ਦੌੜ-ਭੱਜ ਲੱਗੀ ਰਹਿੰਦੀ ਹੈ ਕਿ ਕੌਣ ਪਹਿਲਾਂ ਜਾ ਕੇ ਮੰਤਰੀ ਦੀ ਕਾਰ ਦਾ ਦਰਵਾਜ਼ਾ ਖੋਲ੍ਹੇਗਾ।
ਸਿੱਧੂ ਦਾ ਯੂ ਟਰਨ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਿਗਮ ‘ਚ ਦਫ਼ਤਰ ਖੁੱਲ੍ਹਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਯੂ ਟਰਨ ਲੈ ਲਿਆ ਹੈ। ਦਫ਼ਤਰ ਦੇ ਉਦਘਾਟਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ‘ਚ ਕੋਈ ਵੀ ਮੰਤਰੀ ਜਾਂ ਵਿਧਾਇਕ ਆ ਕੇ ਬੈਠ ਸਕੇਗਾ ਅਤੇ ਅਫ਼ਸਰਾਂ ਨਾਲ ਵਿਕਾਸ ਦੀ ਗੱਲ ਕਰ ਸਕਦਾ ਹੈ। ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈਸੀ ਕਿ ਸਿੱਧੂ ਮੇਅਰ ਕਰਮਜੀਤ ਸਿੱਧੂ ਰਿੰਟੂ ਨੂੰ ਫੇਲ੍ਹ ਕਰਨ ਦੇ ਲਈ ਦਫ਼ਤਰ ਖੋਲ੍ਹ ਰਹੇ ਹਨ। ਜੇਕਰ ਸਿੱਧੂ ਦਫ਼ਤਰ ‘ਚ ਬੈਠਣਗੇ ਤਾਂ ਫਿਰ ਮੇਅਰ ਨੂੰ ਕੌਣ ਪੁੱਛੇਗਾ? ਸੀਨੀਅ ਡਿਪਟੀ ਮੇਅਰ ਰਮਨ ਬਖਸ਼ੀ ਨੇ ਵੀ ਕਿਹਾ ਸੀ ਕਿ ਸਿੱਧੂ ਕਿਤੇ ਵੀ ਆਪਣਾ ਦਫ਼ਤਰ ਖੋਲ੍ਹ ਸਕਦੇ ਹਨ ਪ੍ਰੰਤੂ ਉਸ ਦੇ ਲਈ ਕੋਈ ਲੋਕੇਸ਼ਨ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਨਗਰ ਨਿਗਮ ‘ਚ ਹੀ ਦਫ਼ਤਰ ਖੋਲ੍ਹਿਆ ਜਾਣਾ ਸਮਝ ਤੋਂ ਪਰੇ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …