ਅੰਮ੍ਰਿਤਸਰ : ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੋਢੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਹੈ ਕਿ ਉਨ੍ਹਾਂ ਅਰਬ ਦੇਸ਼ਾਂ ਵਿਚ ਫਸੀਆਂ ਪੰਜਾਬੀ ਕੁੜੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਲਈ ਚਾਰਾਜੋਈ ਕਰਨ ਦਾ ਫ਼ੈਸਲਾ ਲਿਆ ਹੈ। ਡਾ. ਓਬਰਾਏ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਹ ਪੰਜਾਬੀ ਕੁੜੀਆਂ ਮਸਕਟ ਦੇ ਭਾਰਤੀ ਦੂਤਾਵਾਸ ਵਿਚ ਸਨ ਤੇ ਭਾਰਤ ਵਾਪਸੀ ਲਈ ਰੋਂਦੀਆਂ ਦਿਖਾਈ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਕੁੜੀਆਂ ਦੀ ਗਿਣਤੀ 89 ਹੈ, ਜਿਨ੍ਹਾਂ ਵਿਚੋਂ 6 ਪੰਜਾਬੀ ਹਨ। ਇਨ੍ਹਾਂ ਨੇ ਮਸਕਟ ਵਿਚ ਸਫ਼ਾਰਤਖਾਨੇ ਤੇ ਗੁਰਦੁਆਰੇ ਵਿਚ ਸ਼ਰਨ ਲਈ ਹੋਈ ਹੈ। ਅਜੇ ਵੀ ਕਈ ਕੁੜੀਆਂ ਖਰੀਦਦਾਰਾਂ ਦੇ ਚੁੰਗਲ ਵਿਚ ਹਨ। 60 ਫ਼ੀਸਦੀ ਤੋਂ ਵਧੇਰੇ ਕੁੜੀਆਂ ਹੈਦਰਾਬਾਦ ਦੀਆਂ ਹਨ। ਇਸ ਸਬੰਧੀ ਮਸਕਟ ਵਿਚ ਭਾਰਤੀ ਸਫ਼ਾਰਤਖਾਨੇ ਨੂੰ ਪੱਤਰ ਭੇਜ ਕੇ ਇਨ੍ਹਾਂ ਕੁੜੀਆਂ ਨੂੰ ਵਾਪਸ ਭੇਜਣ ਦੀ ਸੇਵਾ ਟਰਸੱਟ ਨੂੰ ਸੌਂਪਣ ਲਈ ਅਪੀਲ ਕੀਤੀ ਹੈ।
ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ : ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਪੀੜਤ ਕੁੜੀਆਂ ਦੀ ਵਾਪਸੀ ਵਾਸਤੇ ਇਕ ਤੋਂ ਡੇਢ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਟਰੱਸਟ ਇਹ ਸਾਰਾ ਖਰਚਾ ਕਰ ਕੇ ਪੀੜਤਾਂ ਨੂੰ ਵਾਪਸ ਭੇਜਣ ਲਈ ਤਿਆਰ ਹੈ ਪਰ ਇਸ ਵਾਸਤੇ ਭਾਰਤ ਸਰਕਾਰ ਦੀ ਮਦਦ ਦੀ ਲੋੜ ਹੈ ਕਿਉਂਕਿ ਇਸ ਵੇਲੇ ਵਧੇਰੇ ਕੁੜੀਆਂ ਕੋਲ ਉਨ੍ਹਾਂ ਦੇ ਪਾਸਪੋਰਟ ਤੇ ਹੋਰ ਜ਼ਰੂਰੀ ਦਸਤਾਵੇਜ਼ ਨਹੀਂ ਹਨ। ਇਹ ਕੰਮ ਭਾਰਤ ਸਰਕਾਰ ਦੀ ਮਦਦ ਤੋਂ ਬਿਨਾਂ ਅਸੰਭਵ ਹਨ। ਉਨ੍ਹਾਂ ਨੇ ਸਰਕਾਰ ਨੂੰ ਇਸ ਸਬੰਧੀ ਸਹਿਯੋਗ ਦੀ ਅਪੀਲ ਕੀਤੀ ਹੈ।

