Breaking News
Home / ਪੰਜਾਬ / ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਬੁੱਤ ਲਗਾਉਣ ਲਈ ਫੰਡ ਜਾਰੀ ਪ੍ਰੰਤੂ ਇਕ ਸਾਲ ਬਾਅਦ ਵੀ ਪੰਜਾਬ ਸਰਕਾਰ ਨਹੀਂ ਲਗਾ ਸਕੀ ਬੁੱਤ

ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਬੁੱਤ ਲਗਾਉਣ ਲਈ ਫੰਡ ਜਾਰੀ ਪ੍ਰੰਤੂ ਇਕ ਸਾਲ ਬਾਅਦ ਵੀ ਪੰਜਾਬ ਸਰਕਾਰ ਨਹੀਂ ਲਗਾ ਸਕੀ ਬੁੱਤ

ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਨੂੰ ਭੁੱਲ ਗਈ ਪੰਜਾਬ ਸਰਕਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੱਜ ਤੋਂ 103 ਸਾਲ ਪਹਿਲਾਂ ਕਾਮਾਗਾਟਾ ਮਾਰੂ ਘਟਨਾ ਦੇ ਰਾਹੀਂ ਬਰਤਾਨਵੀ ਹਕੂਮਤ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਦਾ ਨੀਂਹ ਪੱਥਰ ਰੱਖਣ ਵਾਲੇ ਬਾਬਾ ਗੁਰਦਿੱਤ ਸਿੰਘ ਨੂੰ ਪੰਜਾਬ ਸਰਕਾਰ ਨੇ ਭੁਲਾ ਦਿੱਤਾ ਹੈ।
ਹਾਲਾਂਕਿ ਇਸ ਘਟਨਾ ਦੇ ਲਈ ਬਰਤਾਨਵੀ ਸਰਕਾਰ ਨੇ ਵੀ ਮੁਆਫ਼ੀ ਮੰਗ ਲਈ ਅਤੇ ਭਾਰਤੀ ਕੇਂਦਰ ਸਰਕਾਰ ਨੇ ਅੰਮ੍ਰਿਤਸਰ ‘ਚ ਬਾਬਾ ਗੁਰਦਿੱਤ ਸਿੰਘ ਦਾ ਬੁੱਤ ਲਗਾਉਣ ਲਈ ਪੈਸੇ ਵੀ ਜਾਰੀ ਕਰ ਦਿੱਤੇ ਪ੍ਰੰਤੂ ਅਜੇ ਤੱਕ ਇਸ ‘ਤੇ ਅਮਲ ਨਹੀਂ ਹੋ ਸਕਿਆ। ਬਾਬਾ ਜੀ ਦੇ ਵਾਰਿਸਾਂ ਨੇ ਸਰਕਾਰ ਦੀ ਇਸ ਨਲਾਇਕੀ ‘ਤੇ ਨਰਾਜ਼ਗੀ ਪ੍ਰਗਟ ਕੀਤੀ ਹੈ।
ਯਾਦਗਾਰ ਬਣਨ ਦੇ ਇੰਤਜ਼ਾਰ ‘ਚ ਤੀਜੀ ਪੀੜ੍ਹੀ : ਇਥੇ ਰਣਜੀਤ ਐਵੇਨਿਊ ‘ਚ ਰਹਿਣ ਵਾਲੀ ਬਾਬਾ ਜੀ ਦੀ ਪੋਤੀ ਹਰਭਜਨ ਕੌਰ ਅਤੇ ਉਨ੍ਹਾਂ ਦੇ ਪਤੀ ਐਡਵੋਕੇਟ ਤਰਲੋਚਨ ਸਿੰਘ ਵਿਰਕ ਨੇ ਦੱਸਿਆ ਕਿ 29 ਸਤੰਬਰ 1914 ਨੂੰ ਹੋਏ ਕਾਮਾਗਾਟਾ ਮਾਰੂ ਕਾਂਡ ਦੇ 100 ਸਾਲ ਪੂਰੇ ਹੋਣ ‘ਤੇ ਬਰਤਾਨਵੀ ਸਰਕਾਰ ਨੇ ਕਈ ਪ੍ਰੋਗਰਾਮ ਕੀਤੇ, ਉਨ੍ਹਾਂ ਦੀ ਯਾਦਗਾਰ ਬਣਾਈ ਅਤੇ ਉਨ੍ਹਾਂ ਦੀ ਕਹਾਣੀ ਨੂੰ ਸਿਲੇਬਸ ਵਿਚ ਸ਼ਾਮਲ ਕੀਤਾ। ਇਹ ਹੀ ਨਹੀਂ ਸਾਲ 2016 ‘ਚ ਬਰਤਾਨਵੀ ਸੰਸਦ ਨੇ ਉਸ ਘਟਨਾ ‘ਤੇ ਮੁਆਫ਼ੀ ਵੀ ਮੰਗੀ ਸੀ। ਹਰਭਜਨ ਕੌਰ ਦਾ ਕਹਿਣਾ ਹੈ ਕਿ ਸਾਲ 2014 ‘ਚ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਲਈ ਦਿੱਲੀ ‘ਚ ਪ੍ਰੋਗਰਾਮ ਕਰਕੇ ਪਰਿਵਾਰ ਨੂੰ ਸਨਮਾਨਤ ਕਰਨ ਦੇ ਨਾਲ ਬਾਬਾ ਜੀ ਦੇ ਨਾਮ ‘ਤੇ 100 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਪਿਛਲੇ ਸਾਲ ਦਿੱਲੀ ‘ਚ ਪ੍ਰੋਗਰਾਮ ਤੋਂ ਬਾਅਦ ਬਾਬਾ ਜੀ ਦਾ ਬੁੱਤ ਅੰਮ੍ਰਿਤਸਰ ‘ਚ ਸਥਾਪਿਤ ਕਰਨ ਦੇ ਲਈ ਪੈਸੇ ਵੀ ਜਾਰੀ ਕਰ ਦਿੱਤੇ ਗਏ ਸਨ।
ਅੰਮ੍ਰਿਤ ਆਨੰਦ ਪਾਰਕ ‘ਚ ਸਥਾਪਿਤ ਕੀਤਾ ਜਾਵੇ ਬੁੱਤ : ਵਿਰਕ
ਐਡਵੋਕੇਟ ਵਿਰਕ ਦਾ ਕਹਿਣਾ ਹੈ ਕਿ ਵਿਗਤ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਪਨੀ ਬਾਗ ‘ਚ ਬੁੱਤ ਲਗਾਉਣ ਦੀ ਗੱਲ ਆਖੀ ਸੀ ਫਿਰ ਅੰਮ੍ਰਿਤ ਆਨੰਦ ਪਾਰਕ ਸਬੰਧੀ ਚਰਚਾ ਚੱਲੀ ਪ੍ਰੰਤੂ ਉਸ ‘ਤੇ ਕੰਮ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਕ ‘ਚ ਪ੍ਰਸ਼ਾਸਨ ਫਾਊਂਡੇਸ਼ਨ ਰਖਵਾਏ ਬੁੱਤ ਉਹ ਖੁਦ ਲਗਵਾ ਲੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਨਵੀਂ ਪੀੜ੍ਹੀ ਨੂੰ ਬਾਬਾ ਜੀ ਬਾਰੇ ‘ਚ ਪਤਾ ਚੱਲੇਗਾ ਉਥੇ ਉਨ੍ਹਾਂ ਦਾ ਸਨਮਾਨ ਵੀ ਹੋ ਜਾਵੇਗਾ। ਵਿਰਕ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਇੱਛਾਵਾਂ ਦੇ ਚਲਦੇ ਉਨ੍ਹਾਂ ਨੇ ਆਪਣੇ ਘਰ ਦੇ ਉਪਰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਸਬੰਧੀ ਸਟੀਲ ਦੀ ਵੱਡੀ ਸਾਰੀ ਨੇਮ ਪਲੇਟ ਲਗਾਈ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ।
ਕੀ ਹੈ ਕਾਮਾਗਾਟਾ ਮਾਰੂ
ਕਾਮਾਗਾਟਾ ਮਾਰੂ ਭਾਫ਼ ਸ਼ਕਤੀ ਨਾਲ ਚੱਲਣ ਵਾਲਾ ਇਕ ਜਾਪਾਨੀ ਸਮੁੰਦਰੀ ਜਹਾਜ਼ ਸੀ, ਜਿਸ ਨੂੰ ਹਾਂਗਕਾਂਗ ‘ਚ ਰਹਿਣ ਵਾਲੇ ਅੰਮ੍ਰਿਤਸਰ ਦੇ ਬਾਬਾ ਗੁਰਦਿੱਤ ਸਿੰਘ ਨੇ ਖਰੀਦਿਆ ਸੀ। ਜਹਾਜ਼ ‘ਚ ਪੰਜਾਬ ਦੇ 376 ਵਿਅਕਤੀਆਂ ਨੂੰ ਬੈਠਾ ਕੇ ਬਾਬਾ ਗੁਰਦਿੱਤ ਸਿੰਘ 4 ਮਾਰਚ 1914 ਨੂੰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਦੇ ਲਈ ਰਵਾਨਾ ਹੋਏ। ਇਸ ‘ਚ ਜ਼ਿਆਦਾਤਰ ਸਿੱਖ ਯਾਤਰੀ ਸਨ। ਕਾਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਜਾ ਰਿਹਾ ਸੀ ਪ੍ਰੰਤੂ ਕੈਨੇਡਾ ਦੀ ਜਲਸੀਮਾ ‘ਚ ਯਾਤਰੀਆਂ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਜਹਾਜ਼ ਨੂੰ ਇੰਡੀਆ ਵੱਲ ਮੋੜ ਦਿੱਤਾ ਗਿਆ। ਜਦੋਂ 27 ਸਤੰਬਰ ਨੂੰ ਕੋਲਕਾਤਾ ਬਜਬਜ ਪਹੁੰਚਿਆ ਤਾਂ ਅੰਗਰੇਜ਼ ਅਫ਼ਸਰਾਂ ਨੇ ਯਾਤਰੀਆਂ ਨੂੰ ਬੰਦਰਗਾਹ ‘ਤੇ ਉਤਰਨ ਦੀ ਆਗਿਆ ਨਾ ਦਿੱਤੀ। ਜਦੋਂ ਯਾਤਰੀਆਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਅੰਗਰੇਜ਼ ਅਫ਼ਸਰਾਂ ਨੇ 29 ਸਤੰਬਰ ਨੂੰ ਗੋਲੀਬਾਰੀ ਕੀਤੀ ਜਿਸ ‘ਚ ਕੁਝ ਯਾਤਰੀਆਂ ਦੇ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਗੋਲੀਬਾਰੀ ਦੀ ਵਜ੍ਹਾ ਨਾਲ ਜਹਾਜ਼ ‘ਚ ਭਗਦੜ ਮਚ ਗਈ ਅਤੇ 200 ਤੋਂ ਜ਼ਿਆਦਾ ਲੋਕ ਭਗਦੜ ‘ਚ ਮਾਰੇ ਗਏ। ਬਾਬਾ ਜੀ ਆਪਣੇ ਦਸ ਸਾਲ ਦੇ ਬਾਬਾ ਬਲਵੰਤ ਸਿੰਘ ਅਤੇ ਬਚੇ ਹੋਏ ਸਾਥੀਆਂ ਦੇ ਨਾਲ ਲੁਕ ਗਏ ਅਤੇ 1952 ਤੱਕ ਅੰਡਰਗਰਾਊਂਡ ਰਹੇ। ਮਹਾਤਮਾ ਗਾਂਧੀ ਨੇ ਬਾਬਾ ਜੀ ਨੂੰ ਸੱਚਾ ਦੇਸ਼ ਭਗਤ ਦੱਸਿਆ ਅਤੇ ਬਾਹਰ ਆਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਬਰਤਾਨਵੀ ਹਕੂਮਤ ਨੇ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਅਤੇ ਪੰਜ ਸਾਲ ਦੀ ਸਜ਼ਾ ਸੁਣਾਈ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …