Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਡਟਿਆ ਬਾਜ਼ੀਗਰ ਭਾਈਚਾਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਡਟਿਆ ਬਾਜ਼ੀਗਰ ਭਾਈਚਾਰਾ

ਸੰਗਰੂਰ/ਬਿਊਰੋ ਨਿਊਜ਼ : ਬਾਜ਼ੀਗਰ ਭਾਈਚਾਰੇ ਤੇ ਵਿਮੁਕਤ ਜਾਤੀਆਂ ਅਤੇ ਕਬੀਲੇ ਦਾ 2 ਫੀਸਦੀ ਕੱਟਿਆ ਗਿਆ ਕੋਟਾ ਬਹਾਲ ਕਰਾਉਣ ਲਈ ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬਾਜ਼ੀਗਰ ਭਾਈਚਾਰੇ ਅਤੇ ਵਿਮੁਕਤ ਕਬੀਲਿਆਂ ਦੇ ਲੋਕਾਂ ਵੱਲੋਂ ਸੰਗਰੂਰ ਵਿਚ ਮੁੱਖ ਮੰਤਰੀ ਦੀ ਕੋਠੀ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਮੁੱਖ ਮੰਤਰੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਕੱਟਿਆ ਕੋਟਾ ਬਹਾਲ ਕਰਨ ਦੀ ਮੰਗ ਕੀਤੀ।
ਬਾਜ਼ੀਗਰ ਵਣਜਾਰਾ ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਅਲੀਪੁਰ ਨੇ ਕਿਹਾ ਕਿ 2001 ਵਿਚ ਉਸ ਸਮੇਂ ਦੀ ਸਰਕਾਰ ਨੇ ਇਸ ਸਮਾਜ ਨੂੰ 2 ਫੀਸਦੀ ਰਿਜ਼ਰਵੇਸ਼ਨ ਦਾ ਕੋਟਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਕਿ ਸਮੇਂ ਸਮੇਂ ‘ਤੇ ਸੋਧ ਹੋਣ ਮਗਰੋਂ ਦਸੰਬਰ 2020 ਦੇ ਨੋਟੀਫਿਕੇਸ਼ਨ ਤਹਿਤ ਸਮਾਜ ਨੂੰ ਮਿਲਦਾ ਸੀ ਪਰ ‘ਆਪ’ ਸਰਕਾਰ ਨੇ 15-9-2022 ਨੂੰ ਇਹ ਕੋਟਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ 2 ਫੀਸਦੀ ਕੋਟੇ ਤਹਿਤ ਇਸ ਸਮਾਜ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਸਨ ਪਰ ਇਹ ਕੋਟਾ ਬੰਦ ਕਰਨ ਨਾਲ ਹਜ਼ਾਰਾਂ ਨੌਜਵਾਨ ਨਿਯੁਕਤੀਆਂ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਾਉਣ ਦੀਆਂ ਤਰੀਖਾਂ ਦਿੱਤੀਆਂ ਗਈਆਂ ਜੋ ਲਾਰੇ ਹੀ ਸਾਬਤ ਹੋਏ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਈਟੀਟੀ 6635, ਬੀ.ਐੱਡ. 4161 ਅਤੇ ਹੋਰ ਅਦਾਰਿਆਂ ਵਿਚ ਰੁਕੀਆਂ ਨਿਯੁਕਤੀਆਂ ਤੁਰੰਤ 18 ਦਸੰਬਰ 2020 ਦੇ ਪੱਤਰ ਅਨੁਸਾਰ ਬਿਨਾਂ ਸ਼ਰਤ ਪੂਰੀਆਂ ਕੀਤੀਆਂ ਜਾਣ ਅਤੇ ਕੱਟਿਆ ਹੋਇਆ 2 ਫੀਸਦੀ ਕੋਟਾ ਬਹਾਲ ਕੀਤਾ ਜਾਵੇ। ਇਸ ਮੌਕੇ ਵਫ਼ਦ ਦੀ ਮੁੱਖ ਮੰਤਰੀ ਨਾਲ 29 ਮਾਰਚ ਦੀ ਮੀਟਿੰਗ ਤੈਅ ਕਰਵਾਈ ਗਈ ਜਿਸ ਮਗਰੋਂ ਰੋਸ ਧਰਨਾ ਸਮਾਪਤ ਕੀਤਾ ਗਿਆ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …