Breaking News
Home / ਪੰਜਾਬ / ਮਸਜਿਦ ਲਈ ਸਿੱਖ ਪਰਿਵਾਰ ਨੇ ਦਿੱਤੀ 16 ਮਰਲੇ ਜ਼ਮੀਨ

ਮਸਜਿਦ ਲਈ ਸਿੱਖ ਪਰਿਵਾਰ ਨੇ ਦਿੱਤੀ 16 ਮਰਲੇ ਜ਼ਮੀਨ

ਮੋਗਾ : ਪਿੰਡ ਮਾਛੀਕੇ ਦੇ ਮੱਧ ਵਰਗੀ ਕਿਸਾਨ ਸਾਬਕਾ ਸਰਪੰਚ ਭਗਵੰਤ ਮਾਨ ਅਤੇ ਬਖਸ਼ੀਸ਼ ਸਿੰਘ ਦੇ ਪੋਤਰੇ ਨੌਜਵਾਨ ਆਗੂ ਬਲਾਕ ਸੰਮਤੀ ਦੇ ਉਪ ਚੇਅਰਮੈਨ ਦਰਸ਼ਨ ਸਿੰਘ ਸੇਖੋਂ ਵਲੋਂ ਪਿੰਡ ਵਿਚ ਮਸਜਿਦ ਬਣਾਉਣ ਲਈ 16 ਮਰਲੇ ਜਗ੍ਹਾ ਦਾਨ ਕਰਕੇ ਆਪਸੀ ਭਾਈਚਾਰਕ ਏਕਤਾ ਦਾ ਸਬੂਤ ਦਿੰਦਿਆਂ ਮੁਸਲਮਾਨ ਭਾਈਚਾਰੇ ਲਈ ਵੱਡਾ ਕਾਰਜ ਕੀਤਾ ਹੈ। ਦੋਵਾਂ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਗਲ ਲੱਗ ਕੇ ਮੋਹ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ। ਮੋਗਾ-ਬਰਨਾਲਾ ਰਾਸ਼ਟਰੀ ਮਾਰਗ ‘ਤੇ ਸਥਿਤ ਪਿੰਡ ਮਾਛੀਕੇ ਵਿਖੇ ਸੜਕ ਨੂੰ ਚਾਰ ਮਾਰਗੀ ਕਰਨ ਲਈ ਤਿੰਨ ਸਾਲ ਤੋਂ ਕੰਮ ਚੱਲ ਰਿਹਾ ਹੈ। ਸੜਕ ਉਪਰ 200 ਸਾਲ ਪੁਰਾਣੀ ਮਸਜਿਦ ਵੀ ਆ ਗਈ ਸੀ। ਮਸਜਿਦ ਦੀ ਇਕ ਕੰਧ ਮਹਿਕਮੇ ਨੇ ਢਾਹ ਦਿੱਤੀ, ਜਿਸ ਕਾਰਨ ਪਿੰਡ ਦੇ ਪੰਦਰਾਂ ਮੁਸਲਮਾਨ ਪਰਿਵਾਰ ਨੂੰ ਆਪਣੀ ਇਬਾਬਤ ਕਰਨ ਲਈ ਜਗ੍ਹਾ ਦੀ ਲੋੜ ਸੀ। ਮਸਜਿਦ ਪੰਚਾਇਤੀ ਜਗ੍ਹਾ ਵਿਚ ਹੋਣ ਕਾਰਨ ਮਲਬੇ ਦੇ ਮੁਆਵਜ਼ੇ ਨਾਲ ਮਸਜਿਦ ਬਣਨੀ ਨਾਮੁਮਕਿਨ ਸੀ। ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰੂਪ ਮੁਹੰਮਦ ਨੇ ਦੱਸਿਆ ਕਿ ਸਾਡੇ ਭਾਈਚਾਰੇ ਵਲੋਂ ਐਨੀ ਪਹੁੰਚ ਨਹੀਂ ਸੀ ਕਿ ਆਪਣੀ ਜਗ੍ਹਾ ਲੈ ਲੈਂਦੇ। ਅਸੀਂ ਪੰਚਾਇਤ ਨੂੰ ਵੀ ਜ਼ਮੀਨ ਦਾਨ ਕਰਨ ਲਈ ਬੇਨਤੀ ਕੀਤੀ। ਇਹ ਮਾਮਲਾ ਡਿਪਟੀ ਕਮਿਸ਼ਨਰ ਤੇ ਪੰਚਾਇਤ ਵਿਚਾਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ। ਪੰਚਾਇਤ ਮਸਜਿਦ ਲਈ ਜੋ ਥਾਂ ਮੁਹੱਈਆ ਕਰਵਾ ਰਹੀ ਸੀ, ਉਹ ਪਿੰਡ ਤੋਂ ਦੋ ਕਿਲੋਮੀਟਰ ਦੂਰ ਹੈ। ਅਜਿਹੇ ਵਿਚ ਮੁਸਲਮਾਨ ਭਾਈਚਾਰਾ ਉਥੇ ਮਸਜਿਦ ਬਣਾਉਣ ਲਈ ਤਿਆਰ ਨਹੀਂ ਸੀ। ਪਿੰਡ ਵਿਚ ਮੁਸਲਮਾਨਾਂ ਦੇ 15 ਪਰਿਵਾਰਾਂ ਦੀ ਆਬਾਦੀ ਲਗਭਗ 100 ਹੈ। ਆਖਰ ਇਕ ਹਫਤਾ ਪਹਿਲਾਂ ਦਰਸ਼ਨ ਸਿੰਘ ਸੇਖੋਂ ਨੇ ਪਿੰਡ ਵਿਚ ਹੀ ਆਪਣੀ 16 ਮਰਲੇ ਜ਼ਮੀਨ ਦੇਣ ਦੀ ਤਜਵੀਜ਼ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਇਹ ਤਜਵੀਜ਼ ਮਿਲਣ ਨਾਲ ਪ੍ਰਸ਼ਾਸਨ ਦੀ ਵੱਡੀ ਸਮੱਸਿਆ ਹੱਲ ਹੋ ਗਈ। ਸੇਖੋਂ ਨੇ ਵੀ ਜ਼ਮੀਨ ਬਿਨਾ ਕਿਸੇ ਸ਼ਰਤ ਦੇ ਮੁਫਤ ਮਸਜਿਦ ਲਈ ਦੇ ਦਿੱਤੀ। ਇਕ ਹਫਤਾ ਪਹਿਲਾਂ ਇਸ ਜ਼ਮੀਨ ਦੀ ਰਜਿਸਟਰੀ ਵੀ ਪਿੰਡ ਦੀ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਨਾਂ ਕਰਵਾ ਦਿੱਤੀ।
ਪਰਿਵਾਰ ਇਸ ਫੈਸਲੇ ਨਾਲ ਸਹਿਮਤ : ਸੇਖੋਂ
ਦਰਸ਼ਨ ਸਿੰਘ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੀ ਸੰਨ ਸੰਤਾਲੀ ਵਿਚ ਦੇਸ਼ ਦੀ ਵੰਡ ਵੇਲੇ ਵੀ ਹਿਫਾਜ਼ਤ ਕੀਤੀ ਗਈ ਸੀ। ਸਾਡੇ ਪਿੰਡ ਦੇ ਬਜ਼ੁਰਗਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਸੀ। ਅਸੀਂ ਤਾਂ ਆਪਣਾ ਫਰਜ਼ ਨਿਭਾਇਆ। ਅੱਜ ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਗਲੇ ਲਗ ਕੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਸਾਂਝ ਨੂੰ ਹੋਰ ਪੀਡਾ ਕਰਨ ਦਾ ਪ੍ਰਣ ਲਿਆ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪੂਰਾ ਪਰਿਵਾਰ ਉਨ੍ਹਾਂ ਦੇ ਇਸ ਫੈਸਲੇ ਨਾਲ ਸਹਿਮਤ ਹੈ। ਮਸਜਿਦ ਨਿਰਮਾਣ ਵਿਚ ਉਹ ਹੀ ਨਹੀਂ ਬਲਕਿ ਪਿੰਡ ਦਾ ਪੂਰਾ ਸਿੱਖ ਭਾਈਚਾਰਾ ਮੱਦਦ ਕਰੇਗਾ।

Check Also

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਮਈ ਬਣਾਉਣ ਵਾਸਤੇ ਚੁੱਕੇ ਗਏ ਕਦਮਾਂ ਦੀ ਦਿੱਤੀ ਜਾਣਕਾਰੀ

  ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਸ਼ੁਰੂ ਕੀਤੇ ਗਏ ਪੋਡਕਾਸਟ ਦਾ …