ਰਾਜਪਾਲ ਨੇ ਕਿਹਾ : ਇਨ੍ਹਾਂ ਦੋਹਾਂ ਵਿਚੋਂ ਸਹੀ ਕਿਹੜਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਚ ਵੀਸੀ ਦੀ ਨਿਯੁਕਤੀ ਲੈ ਕੇ ਘਮਾਸਾਣ ਛਿੜ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਹੁਣ ਪੱਤਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਰਾਜਪਾਲ ਨੂੰ ਲਿਖੇ ਜਿਸ ਪੱਤਰ ਨੂੰ ਪੋਸਟ ਕੀਤਾ, ਉਹ ਪੰਜਾਬੀ ਭਾਸ਼ਾ ਵਿਚ ਹੈ। ਜਦਕਿ ਪੰਜਾਬ ਰਾਜ ਭਵਨ ਨੂੰ ਜੋ ਪੱਤਰ ਮਿਲਿਆ ਹੈ, ਉਹ ਅੰਗਰੇਜ਼ੀ ਭਾਸ਼ਾ ਵਿਚ ਹੈ। ਇਸ ਨੂੰ ਲੈ ਕੇ ਹੁਣ ਰਾਜਪਾਲ ਨੇ ਸੀਐਮ ਮਾਨ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਪੰਜਾਬੀ ਵਾਲਾ ਪੱਤਰ ਸਹੀ ਹੈ ਜਾਂ ਅੰਗਰੇਜ਼ੀ ਭਾਸ਼ਾ ਵਾਲਾ ਪੱਤਰ ਸਹੀ ਹੈ। ਪੀਏਯੂ ਦੇ ਵੀਸੀ ਦੀ ਨਿਯੁਕਤੀ ਸਬੰਧੀ ਵਿਵਾਦ ਦੇ ਚੱਲਦਿਆਂ ਭਗਵੰਤ ਮਾਨ ਨੇ ਰਾਜਪਾਲ ਨੂੰ ਪੰਜਾਬੀ ਵਿਚ ਲਿਖੇ ਪੱਤਰ ਵਿਚ ਖਰੀਆਂ-ਖਰੀਆਂ ਸੁਣਾਈਆਂ ਹਨ। ਨਾਲ ਹੀ ਸਰਕਾਰ ਦੇ ਕੰਮਕਾਜ ਵਿਚ ਦਖਲ ਨਾ ਦੇਣ ਲਈ ਵੀ ਕਿਹਾ ਗਿਆ ਹੈ। ਇਸੇ ਦੌਰਾਨ ਜਿਹੜਾ ਪੱਤਰ ਅੰਗਰੇਜ਼ੀ ਵਿਚ ਲਿਖਿਆ ਗਿਆ ਹੈ ਕਿ ਉਸ ਵਿਚ ਆਦਰ ਭਾਵ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ ਭਗਵੰਤ ਮਾਨ ਵਲੋਂ ਰਾਜਪਾਲ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੇ ਪੰਜਾਬੀ ਭਾਸ਼ਾ ਦੇ ਜਿਸ ਪੱਤਰ ਨੂੰ ਟਵੀਟ ਕੀਤਾ ਗਿਆ ਹੈ, ਉਹ ਕੇਵਲ ਇਕ ਪੇਜ ਦਾ ਹੈ, ਜਦਕਿ ਪੰਜਾਬ ਦੇ ਰਾਜਪਾਲ ਨੂੰ ਰਿਸੀਵ ਹੋਇਆ ਅੰਗਰੇਜ਼ੀ ਦਾ ਪੱਤਰ ਪੰਜ ਪੇਜਾਂ ਦਾ ਹੈ। ਇਸੇ ਦੁਬਿਧਾ ਦੇ ਕਾਰਨ ਰਾਜਪਾਲ ਨੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਇਨ੍ਹਾਂ ਦੋਹਾਂ ਵਿਚੋਂ ਕਿਹੜਾ ਪੱਤਰ ਸਹੀ ਹੈ। ਧਿਆਨ ਰਹੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਦੀ ਨਿਯੁਕਤੀ ਭਗਵੰਤ ਮਾਨ ਸਰਕਾਰ ਨੇ ਕੀਤੀ ਸੀ ਅਤੇ ਰਾਜਪਾਲ ਨੇ ਵੀਸੀ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …