Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ

ਪੰਜਾਬ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ
ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪੁੱਜੇ ਸੈਂਕੜੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਖਿੱਚਧੂਹ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਮਹਿਲਾ ਅਧਿਆਪਕ ਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਡਿੱਗ ਪਈਆਂ।
ਪੁਲਿਸ ਨਾਲ ਝੜਪ ਤੋਂ ਬਾਅਦ ਰੋਹ ‘ਚ ਆਈਆਂ ਦੋ ਮਹਿਲਾ ਅਧਿਆਪਕਾਂ ਨੇ ਆਪਣੇ ‘ਤੇ ਪੈਟਰੋਲ ਛਿੜਕ ਲਿਆ ਪਰ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ਅੱਗ ਨਾ ਲਾਉਣ ਦਿੱਤੀ।
ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲ ਦੇ ਕੇ ਰੈਗੂਲਰ ਕੀਤਾ ਜਾਵੇ ਅਤੇ ਬੱਚਿਆਂ ਤੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਵਾਉਣ ਵਾਲੀ ਅਧਿਆਪਕਾ ਮਨਪ੍ਰੀਤ ਕੌਰ ਕਨੋਈ ਦੇ ਤਨਖਾਹ ਵਾਧੇ ਸਣੇ ਨਵੇਂ ਹੁਕਮ ਜਾਰੀ ਕੀਤੇ ਜਾਣ। ਜ਼ਿਕਰਯੋਗ ਹੈ ਕਿ ਪਿੰਡ ਖੁਰਾਣਾ ਵਿਚ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਦਾ ਸੰਘਰਸ਼ ਕਰੀਬ 7 ਹਫਤਿਆਂ ਤੋਂ ਜਾਰੀ ਹੈ। ਇੰਦਰਜੀਤ ਸਿੰਘ ਮਾਨਸਾ 83 ਦਿਨਾਂ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ। ਪੰਜਾਬ ਭਰ ਤੋਂ ਅਧਿਆਪਕ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਹੇਠ ਇਥੇ ਨੈਸ਼ਨਲ ਹਾਈਵੇਅ ਦੇ ਬਾਈਪਾਸ ਦੇ ਓਵਰਬ੍ਰਿਜ ਹੇਠ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ।
ਪੁਲਿਸ ਵੱਲੋਂ ਰੈਲੀ ਸਥਾਨ ਤੋਂ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਤੱਕ ਕਈ ਥਾਵਾਂ ਉਪਰ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਗਈ।
ਰੈਲੀ ਮਗਰੋਂ ਰੋਸ ਮਾਰਚ ਕਰਦਿਆਂ ਅਧਿਆਪਕਾਂ ਨੇ ਪੁਲਿਸ ਦੀ ਪਹਿਲੀ ਨਾਕੇਬੰਦੀ ਪੁੱਟ ਦਿੱਤੀ ਅਤੇ ਪੁਲਿਸ ਨੂੰ ਧੂਹ ਕੇ ਅਧਿਆਪਕ ਅੱਗੇ ਵਧ ਗਏ। ਅਧਿਆਪਕਾਂ ਨੇ ਜਿਉਂ ਹੀ ਕਲੋਨੀ ਦੇ ਮੁੱਖ ਗੇਟ ਨੇੜੇ ਦੂਜੀ ਨਾਕੇਬੰਦੀ ਤੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਦੋਵਾਂ ਦਰਮਿਆਨ ਧੱਕਾਮੁੱਕੀ ਅਤੇ ਖਿੱਚਧੂਹ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ, ਕੁਝ ਮਹਿਲਾ ਅਧਿਆਪਕਾਂ ਅਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਵੀ ਡਿੱਗ ਪਈਆਂ। ਮੌਕੇ ‘ਤੇ ਮੌਜੂਦ ਐਸਪੀ ਪਲਵਿੰਦਰ ਸਿੰਘ ਚੀਮਾ ਅਤੇ ਐਸਡੀਐਮ ਨਵਰੀਤ ਕੌਰ ਸੇਖੋਂ ਵਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਗੱਲਬਾਤ ਜਾਰੀ ਰੱਖੀ ਗਈ। ਕਰੀਬ ਇੱਕ ਘੰਟੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ 14 ਸਤੰਬਰ ਨੂੰ ਚੰਡੀਗੜ੍ਹ ‘ਚ ਮੀਟਿੰਗ ਨਿਸ਼ਚਿਤ ਕਰਵਾਈ ਗਈ ਜਿਸ ਮਗਰੋਂ ਪ੍ਰਦਰਸ਼ਨ ਸਮਾਪਤ ਹੋਇਆ। ਰੋਸ ਪ੍ਰਦਰਸ਼ਨ ‘ਚ ਭਾਕਿਯੂ ਏਕਤਾ ਉਗਰਾਹਾਂ, ਡੀਟੀਐਫ ਗੌਰਮਿੰਟ ਟੀਚਰਜ਼ ਯੂਨੀਅਨ, ਈਟੀਟੀ ਯੂਨੀਅਨ ਆਦਿ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …