Breaking News
Home / ਪੰਜਾਬ / ਸੰਯੁਕਤ ਕਿਸਾਨ ਮੋਰਚੇ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਮੋਮਬੱਤੀਆਂ ਜਗਾ ਕੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਲਗਾਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੋ ਸਾਲ ਪਹਿਲਾਂ 14 ਫਰਵਰੀ ਨੂੰ ਪੁਲਵਾਮਾ (ਜੰਮੂ-ਕਸ਼ਮੀਰ) ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ‘ਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਮੋਰਚਿਆਂ ‘ਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਸ਼ਹੀਦੀ ਨੂੰ ਸਿਜਦਾ ਕੀਤਾ। ਕਿਸਾਨਾਂ ਨੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਵੀ ਲਗਾਏ। ਕਿਸਾਨ ਆਗੂਆਂ ਨੇ ਸਟੇਜ ‘ਤੇ ਖੜ੍ਹ ਕੇ ਮੋਮਬੱਤੀਆਂ ਜਗਾਈਆਂ ਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਕਿਸਾਨ ਆਗੂਆਂ ਨੇ ਆਪਣੀਆਂ ਤਕਰੀਰਾਂ ਵਿੱਚ ਮੋਦੀ ਸਰਕਾਰ ਨੂੰ ਰਗੜੇ ਲਾਏ ਤੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ‘ਤੇ ਚਾਨਣਾ ਪਾਇਆ। ਕਿਸਾਨ ਆਗੂਆਂ ਨੇ ਕਾਰਪੋਰੇਟਾਂ ਵੱਲੋਂ ਕਿਰਤੀਆਂ ਦੀ ਲੁੱਟ, ਕਿਸਾਨੀ ਦੇ ਭਵਿੱਖ ‘ਤੇ ਹਮਲੇ ਕਰਨ ਤੇ ਕਿਸਾਨ ਅੰਦੋਲਨ ਖ਼ਿਲਾਫ਼ ਸੱਤਾਧਾਰੀ ਧਿਰ ਵੱਲੋਂ ਅਪਣਾਏ ਜਾ ਰਹੇ ਹੱਥਕੰਡਿਆਂ ਖਿਲਾਫ ਵੀ ਜਾਗਰੂਕ ਕੀਤਾ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਇਸ ਘੋਲ ਦੇ ਲੰਬਾ ਚੱਲਣ ਨੂੰ ਮੋਦੀ ਸਰਕਾਰ ਲਈ ਖ਼ਤਰੇ ਦੀ ਘੰਟੀ ਕਰਾਰ ਦਿੱਤਾ। ਉਨ੍ਹਾਂ ਹਰਿਆਣਾ ਦੀਆਂ ਖਾਪਾਂ ਵੱਲੋਂ ਕੀਤੀ ਜਾ ਰਹੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਮੰਨ ਕੇ ਚੱਲਣਾ ਪਵੇਗਾ ਕਿ ਜੇਲ੍ਹਾਂ ਉਨ੍ਹਾਂ ਦੇ ਘਰ ਹਨ ਤੇ ਪੁਲਿਸ ਦੀਆਂ ਸੱਟਾਂ ਸ਼ਿੰਗਾਰ ਹਨ। ਉਨ੍ਹਾਂ ਕਿਸਾਨਾਂ ਨੂੰ ਕਾਹਲੀ ਨਾ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਨੇ ‘ਪੱਗੜੀ ਸੰਭਾਲ ਜੱਟਾ’ ਮੁਹਿੰਮ 9 ਮਹੀਨੇ ਚਲਾਈ ਸੀ ਤੇ ਚਾਬੀਆਂ ਦਾ ਮੋਰਚਾ ਦੋ ਸਾਲ ਲੰਬਾ ਚੱਲਿਆ ਸੀ। ਹਰਿਆਣਾ ਤੋਂ ਤਰਲੋਚਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਮਲਿਕ ਭਾਗੋ ਦੇ ਨਾਲ ਖੜ੍ਹੀ ਹੈ ਤੇ ਭਾਈ ਲਾਲੋ ਦੇ ਬੰਦੇ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ। ਸਾਬਕਾ ਫ਼ੌਜੀ ਰਾਮੇਸ਼ਵਰ ਨੇ ਭਾਰਤੀ ਫ਼ੌਜ ਨੂੰ ਸਲਾਮ ਕਰਦਿਆਂ ਕਿਹਾ ਕਿ ਕਿਸਾਨ ਲੜਨ ਵਾਲੀ ਕੌਮ ਹੈ। ਕਿਸਾਨਾਂ ਦੇ ਪੁੱਤਰ ਸਰਹੱਦਾਂ ‘ਤੇ ਦੁਸ਼ਮਣਾਂ ਖਿਲਾਫ ਅਤੇ ਕਮਾਊ ਵਰਗ ਸੋਸ਼ਣ ਕਰਨ ਵਾਲੇ (ਕਾਰਪੋਰੇਟ) ਖ਼ਿਲਾਫ਼ ਇਹ ਅੰਦੋਲਨ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੜਾਈ ਕਾਂਗਰਸ, ਭਾਜਪਾ ਜਾਂ ਹੋਰਨਾਂ ਖ਼ਿਲਾਫ਼ ਹੁੰਦੀ ਸੀ ਪਰ ਹੁਣ ਕਾਰਪੋਰੇਟਾਂ ਖਿਲਾਫ ਹੈ ਅਤੇ ਸਿਆਸੀ ਲੋਕਾਂ ਦੇ ਪਿੱਛੇ ‘ਕਾਰਪੋਰੇਟ ਚਿਹਰੇ’ ਹੀ ਹਨ। ਉਨ੍ਹਾਂ ਸਵਾਲ ਕੀਤਾ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਸ਼ਹੀਦ ਕਿਉਂ ਨਹੀਂ ਕਿਹਾ ਜਾਂਦਾ? ਜਮਹੂਰੀ ਕਿਸਾਨ ਸਭਾ ਪੰਜਾਬ ਦੇ ਡਾ. ਸਤਨਾਮ ਸਿੰਘ ਅਜਨਾਲਾ ਤੇ ਹੋਰ ਆਗੂਆਂ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …