Breaking News
Home / ਪੰਜਾਬ / ਫਾਸਟਵੇਅ ‘ਤੇ ਈਡੀ ਦੀ ਕਾਰਵਾਈ ਦਾ ਸਿੱਧੂ ਨੇ ਕੀਤਾ ਸਮਰਥਨ

ਫਾਸਟਵੇਅ ‘ਤੇ ਈਡੀ ਦੀ ਕਾਰਵਾਈ ਦਾ ਸਿੱਧੂ ਨੇ ਕੀਤਾ ਸਮਰਥਨ

ਕਿਹਾ, ਫਾਸਟਵੇਅ ‘ਤੇ ਕਾਰਵਾਈ ਤੋਂ ਬਿਨਾ ਸਸਤੀ ਕੇਬਲ ਦੇਣਾ ਸੰਭਵ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਫਾਸਟਵੇਅ ਕੇਬਲ ਨੈਟਵਰਕ ‘ਤੇ ਈਡੀ ਨੇ ਕਾਰਵਾਈ ਸ਼ੁਰੂ ਕੀਤੀ ਹੈ, ਜਿਸਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਮਰਥਨ ਕੀਤਾ ਹੈ। ਇਹ ਕੇਬਲ ਨੈਟਵਰਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਗੁਰਦੀਪ ਜੁਝਾਰ ਦਾ ਹੈ। ਜ਼ਿਕਰਯੋਗ ਹੈ ਕਿ ਈਡੀ ਵਲੋਂ ਵੀਰਵਾਰ ਨੂੰ ਲੁਧਿਆਣਾ ਵਿਚ ਫਾਸਟਵੇਅ ਟਰਾਂਸਮਿਸ਼ਨ ਅਤੇ ਜੁਝਾਰ ਟਰਾਂਸਪੋਰਟ ਦੇ ਦਫ਼ਤਰ ‘ਚ ਛਾਪਾ ਮਾਰਿਆ ਗਿਆ। ਇਹ ਵੀ ਦੱਸਿਆ ਗਿਆ ਕਿ ਈਡੀ ਨੇ ਕੰਪਨੀ ਦੇ ਮਾਲਕ ਦੇ ਘਰ ਵੀ ਛਾਪਾ ਮਾਰਿਆ ਅਤੇ ਰਿਕਾਰਡ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸੇ ਦੌਰਾਨ ਸਿੱਧੂ ਨੇ ਕਿਹਾ ਕਿ ਫਾਸਟਵੇਅ ‘ਤੇ ਕਾਰਵਾਈ ਦੇ ਬਗੈਰ ਪੰਜਾਬ ਵਿਚ ਸਸਤੀ ਕੇਬਲ ਦੇਣਾ ਸੰਭਵ ਨਹੀਂ ਹੈ। ਹਾਲਾਂਕਿ ਸਿੱਧੂ ਨੇ ਬਾਦਲ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਸਿਆਸੀ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਫਾਸਟਵੇਅ ਕੇਬਲ ਦੀ ਮਨੋਪਲੀ ਬਣਾਈ। ਇਸਦੇ ਖਿਲਾਫ ਉਹ ਨੀਤੀ ਲੈ ਕੇ ਆਏ ਸਨ, ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ।
ਸਿੱਧੂ ਨੇ ਟਵੀਟ ਵਿਚ ਕਿਹਾ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਨੇ ਮਲਟੀ ਸਿਸਟਮ ਅਪਰੇਟਰ ਫਾਸਟਵੇਅ ਦੀ ਮਨੋਪਲੀ ਖਤਮ ਕਰਨ ਲਈ ਨੀਤੀ ਫਾਰਵਰਡ ਕੀਤੀ ਸੀ, ਜਿਸਦੇ ਜ਼ਰੀਏ ਫਾਸਟਵੇਅ ਤੋਂ ਇਕ ਹਜ਼ਾਰ ਕਰੋੜ ਰੁਪਏ ਟੈਕਸ ਦੀ ਰਿਕਵਰੀ ਹੋਣੀ ਸੀ। ਇਸ ਨਾਲ ਲੋਕਲ ਕੇਬਲ ਅਪਰੇਟਰਾਂ ਨੂੰ ਮਜ਼ਬੂਤ ਬਣਾ ਕੇ ਲੋਕਾਂ ਨੂੂੰ ਸਸਤੀ ਕੇਬਲ ਮਿਲਣੀ ਸੀ। ਪਰ ਫਾਸਟਵੇਅ ‘ਤੇ ਕਾਰਵਾਈ ਕੀਤੇ ਬਗੈਰ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਸੀ।

 

 

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …