Breaking News
Home / ਪੰਜਾਬ / ਪੰਜਾਬ ਵਿਚ ‘ਲੇਬਰ ਸੰਕਟ’ ਪੈਦਾ ਹੋਣ ਦਾ ਡਰ

ਪੰਜਾਬ ਵਿਚ ‘ਲੇਬਰ ਸੰਕਟ’ ਪੈਦਾ ਹੋਣ ਦਾ ਡਰ

ਲੁਧਿਆਣਾ/ਬਿਊਰੋ ਨਿਊਜ਼ : ਕਰੋਨਾਵਾਇਰਸ ਖ਼ਤਮ ਹੋਣ ਤੋਂ ਬਾਅਦ ਸਨਅਤਾਂ ‘ਤੇ ਪੈਣ ਵਾਲਾ ਮਾੜਾ ਪ੍ਰਭਾਵ ਹੁਣ ਤੋਂ ਹੀ ਨਜ਼ਰ ਆਉਣ ਲੱਗ ਪਿਆ ਹੈ। ਲੌਕਡਾਊਨ ਕਾਰਨ ਸਨਅਤ ਵਿੱਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਵਾਪਸੀ ਕਰਨ ਲੱਗੇ ਹਨ, ਜਿਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਸਨਅਤਾਂ ਨੂੰ ਭੁਗਤਨਾ ਪੈ ਸਕਦਾ ਹੈ। ਕਰੋਨਾਵਾਇਰਸ ਖ਼ਤਮ ਹੋਣ ਤੋਂ ਬਾਅਦ ਜਦੋਂ ਸਨਅਤਾਂ ਖੁੱਲ੍ਹਣਗੀਆਂ ਤਾਂ ਸੂਬੇ ਵਿਚ ‘ਲੇਬਰ’ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ।
ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵਿਚ ਇੰਨੀ ਦਹਿਸ਼ਤ ਹੈ ਕਿ ਉਹ ਕਰਫਿਊ ਦੀ ਪਰਵਾਹ ਕੀਤੇ ਬਿਨਾਂ ਪੈਦਲ ਹੀ ਆਪਣੇ ਪਿੰਡਾਂ ਨੂੰ ਨਿਕਲ ਪਏ ਹਨ। ਰਸਤੇ ਵਿਚ ਕਈ ਥਾਵਾਂ ‘ਤੇ ਇਨ੍ਹਾਂ ਨੂੰ ਪੁਲੀਸ ਮੁਲਾਜ਼ਮ ਰੋਕ ਵੀ ਰਹੇ ਹਨ, ਪਰ ਹਰ ਥਾਂ ‘ਤੇ ਭੁੱਖਮਰੀ ਫੈਲਣ ਦੀ ਗੱਲ ਕਹਿ ਕੇ ਇਹ ਮਜ਼ਦੂਰ ਅੱਗੇ ਵੱਧਦੇ ਜਾ ਰਹੇ ਹਨ। ਲੁਧਿਆਣਾ ਦੇ ਜਗਰਾਉਂ ਪੁਲ ‘ਤੇ ਮਿਲੇ 8 ਮਜ਼ੂਦਰਾਂ ਦੀ ਟੋਲੀ ਨੇ ਦੱਸਿਆ ਕਿ ਉਹ ਸਿੱਧਵਾਂ ਨਹਿਰ ਕੋਲੋਂ ਸਹਾਰਨਪੁਰ ਲਈ ਨਿਕਲੇ ਹਨ। ਉਹ ਸਾਰੇ ਹੀ ਉਥੇ ਇੱਕ ਫੈਕਟਰੀ ਵਿਚ ਕੰਮ ਕਰਦੇ ਸਨ, ਪਰ ਜਦੋਂ ਦਾ ਲੌਕਡਾਊਨ ਹੋਇਆ ਹੈ, ਖਾਣ-ਪੀਣ ਤੇ ਰਹਿਣ ਦੀ ਮੁਸ਼ਕਲ ਹੋ ਗਈ ਹੈ। ਜਿਸ ਇਲਾਕੇ ਵਿਚ ਉਹ ਰਹਿੰਦੇ ਹਨ, ਉਥੇ ਸੈਂਕੜਿਆਂ ਦੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਰਹਿੰਦੇ ਹਨ, ਉਨ੍ਹਾਂ ‘ਚੋਂ ਜ਼ਿਆਦਾਤਰ ਇਸੇ ਤਰ੍ਹਾਂ ਹੀ ਪੈਦਲ ਆਪਣੇ ਪਿੰਡਾਂ ਵੱਲ ਤੁਰ ਪਏ ਹਨ। ਅਜਿਹਾ ਹੀ ਇੱਕ ਪਰਿਵਾਰ ਸੁਨੇਤ ਇਲਾਕੇ ਦਾ ਹੈ, ਜੋ ਆਪਣੇ ਪਰਿਵਾਰ ਨੂੰ ਲੈ ਕੇ ਬਿਹਾਰ ਲਈ ਨਿਕਲ ਪਿਆ ਹੈ। ਫਿਰੋਜ਼ ਨਾਂ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਆਪਣੇ ਪਿੰਡ ਪੁੱਜ ਜਾਏ, ਫਿਰ ਉਸ ਨੂੰ ਕੋਈ ਮੁਸ਼ਕਲ ਨਹੀਂ।
ਸੂਬੇ ਦੀਆਂ ਫੈਕਟਰੀਆਂ ‘ਚ 35 ਲੱਖ ਮਜ਼ਦੂਰ ਕਰਦੇ ਨੇ ਕੰਮ : ਸਨਅਤੀ ਸ਼ਹਿਰ ਦੇ ਸਨਅਤਕਾਰ ਬਦਿਸ਼ ਜਿੰਦਲ ਦਾ ਕਹਿਣਾ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਭਵਿੱਖ ‘ਚ ਲੇਬਰ ਦਾ ਸੰਕਟ ਜ਼ਰੂਰ ਆਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਫੈਕਟਰੀਆਂ ‘ਚ 35 ਲੱਖ ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ। ਇਕੱਲੇ ਸਨਅਤੀ ਸ਼ਹਿਰ ਵਿਚ 15 ਲੱਖ ਮਜ਼ਦੂਰ ਹਨ, ਜਿਨ੍ਹਾਂ ਵਿਚ 5 ਲੱਖ ਦਿਹਾੜੀਦਾਰ ਤੇ 10 ਲੱਖ ਮਜ਼ੂਦਰ ਫੈਕਟਰੀਆਂ ਵਿਚ ਰੈਗੂਲਰ ਕੰਮ ਕਰਦਾ ਹੈ।
ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ : ਕੈਪਟਨ
ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਹੱਲ ਕਰਨ ਅਤੇ ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਮਜ਼ਦੂਰਾਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬੇ ਵਿਚ ਸਾਰੇ ਉਦਯੋਗਿਕ ਯੂਨਿਟ ਅਤੇ ਇੱਟਾਂ ਦੇ ਭੱਠੇ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਕੋਲ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧ ਮੌਜੂਦ ਹੋਣ। ਉਨ੍ਹਾਂ ਆਖਿਆ ਕਿ ਜੇ ਉਦਯੋਗਿਕ ਯੂਨਿਟਾਂ ਅਤੇ ਭੱਠਾ ਮਾਲਕਾਂ ਕੋਲ ਪਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਬਣਦੀ ਥਾਂ ਅਤੇ ਭੋਜਨ ਦੇਣ ਦੀ ਸਮਰੱਥਾ ਹੈ ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਮਾਜਿਕ ਵਿੱਥ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਆਖਿਆ।

Check Also

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

ਕਿਹਾ : ਟੈਕਸ ਚੋਰੀ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …