ਗਿਆਨੀ ਗੁਰਬਚਨ ਸਿੰਘ ਕੋਲੋਂ ਵੀ ਹੋ ਸਕਦੀ ਹੈ ਪੁੱਛਗਿੱਛ
ਫ਼ਰੀਦਕੋਟ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਇੱਥੇ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਪੇਸ਼ ਹੋਏ। ਜਾਂਚ ਟੀਮ ਨੇ ਚੀਮਾ ਨੂੰ ਫਰੀਦਕੋਟ ਕੈਂਪ ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਰੀਬ 200 ਗਵਾਹ ਬੇਅਦਬੀ ਕਾਂਡ ਮਾਮਲੇ ਵਿੱਚ ਆਪਣੇ ਬਿਆਨ ਸਿੱਟ ਕੋਲ ਦਰਜ ਕਰਵਾ ਚੁੱਕੇ ਹਨ। ਸੂਚਨਾ ਅਨੁਸਾਰ ਡੇਰਾ ਮੁਖੀ ਵੱਲੋਂ ਮੁਆਫ਼ੀ ਲਈ ਲਿਖਿਆ ਪੱਤਰ ਦਲਜੀਤ ਸਿੰਘ ਚੀਮਾ ਨੇ ਕਥਿਤ ਤੌਰ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਪੇਸ਼ ਕੀਤਾ ਸੀ ਅਤੇ ਉਸ ਸਮੇਂ ਤਖ਼ਤਾਂ ਦੇ ਜਥੇਦਾਰ ਵੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹਾਜ਼ਰ ਸਨ। ਚੀਮਾ ਉਸ ਸਮੇਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਰੋਜ਼ੀ ਬਰਕੰਦੀ, ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ ਆਦਿ ਹਾਜ਼ਰ ਸਨ। ਸਿੱਟ ਵੱਲੋਂ ਕੀਤੀ ਪੁੱਛ ਪੜਤਾਲ ਮਗਰੋਂ ਚੀਮਾ ਨੇ ਕਿਹਾ ਕਿ ਉਹ ਟੀਮ ਵੱਲੋਂ ਕੀਤੇ ਗਏ ਸਵਾਲਾਂ ਆਦਿ ਬਾਰੇ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਜੋ ਕੁਝ ਵੀ ਪੁੱਛਿਆ, ਉਸ ਦਾ ਉਨ੍ਹਾਂ ਨੇ ਆਪਣੇ ਜਾਣਕਾਰੀ ਮੁਤਾਬਕ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੋਝੀ ਸਾਜ਼ਿਸ਼ ਰਚੀ ਹੈ। ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਚੀਮਾ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਹੈ।ਇਸ ਦੌਰਾਨ ਪਤਾ ਲੱਗਾ ਹੈ ਕਿ ਜਾਂਚ ਟੀਮ ਅਗਲੇ ਦਿਨਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੀ ਹੈ। ਡੇਰਾ ਮੁਖੀ ਨੂੰ ਮੁਆਫ਼ੀ ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੌਰਾਨ ਹੀ ਦਿੱਤੀ ਗਈ ਸੀ। ਆਈਜੀ ਨੇ ਕਿਹਾ ਕਿ ਜਾਂਚ ਰਿਪੋਰਟ ਮੁਕੰਮਲ ਹੋਣ ਤੋਂ ਬਾਅਦ ਫਰੀਦਕੋਟ ਸੈਸ਼ਨ ਕੋਰਟ ਵਿੱਚ ਦਾਖਲ ਕਰਵਾਈ ਜਾਵੇਗੀ।
Check Also
ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੇ ਅਕਾਲੀ ਦਲ ਦਾ ਸੰਕਟ ਹੋਰ ਵਧਾਇਆ
ਸਿੱਖ ਜਥੇਬੰਦੀਆਂ ਵੱਲੋਂ ਧਾਮੀ ਦਾ ਅਸਤੀਫਾ ਦੁਖਦਾਈ ਕਰਾਰ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …