-4 C
Toronto
Monday, December 22, 2025
spot_img
Homeਪੰਜਾਬਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਹੋਣ 'ਤੇ ਫੂਲਕਾ ਨੇ...

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਹੋਣ ‘ਤੇ ਫੂਲਕਾ ਨੇ ਗੁਰੂਘਰ ਦਾ ਕੀਤਾ ਸ਼ੁਕਰਾਨਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ‘ਤੇ ਐਡਵੋਕੇਟ ਐੱਚਐੱਸ ਫੂਲਕਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸ੍ਰੀ ਅਖੰਡ ਪਾਠ ਕਰਵਾ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਗਿਆ। ਐਡਵੋਕੇਟ ਫੂਲਕਾ ਵਲੋਂ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਸ੍ਰੀ ਅਖੰਡ ਪਾਠ ਰਖਵਾਇਆ ਗਿਆ ਸੀ, ਜਿਸ ਦਾ ਐਤਵਾਰ ਸਵੇਰੇ ਭੋਗ ਪਾਇਆ ਗਿਆ ਹੈ।
ਇਸ ਮੌਕੇ ਗੁਰਬਾਣੀ ਦੇ ਕੀਰਤਨ ਮਗਰੋਂ ਅਰਦਾਸ ਕੀਤੀ ਗਈ। ਫੂਲਕਾ ਨੇ ਇਸ ਮੌਕੇ ਸੰਖੇਪ ਗੱਲਬਾਤ ਦੌਰਾਨ ਆਖਿਆ ਕਿ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇ ਹੋਰਨਾਂ ਨੂੰ ਅਦਾਲਤ ਵਲੋਂ ਸਜ਼ਾਵਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪੀੜਤਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਆਖਿਆ ਕਿ ਸੱਜਣ ਕੁਮਾਰ ਵਲੋਂ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਉਸ ਦੀ ਸਜ਼ਾ ਨੂੰ ਕਾਇਮ ਰੱਖਣ ਵਾਸਤੇ ਉਸ ਦੀ ਅਪੀਲ ਵਿਰੁੱਧ ਹਰ ਸੰਭਵ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਮੌਕੇ ਦਿੱਲੀ ਸਿੱਖ ਕਤਲੇਆਮ ਦੀ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਦਿੱਤੀ ਸਜ਼ਾ ‘ਤੇ ਤਸੱਲੀ ਦਾ ਜਤਾਉਂਦਿਆਂ ਉਮੀਦ ਪ੍ਰਗਟਾਈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਸਜ਼ਾਵਾਂ ਮਿਲਣਗੀਆਂ।
ਸਿੱਖ ਕਤਲੇਆਮ ਮਾਮਲੇ ‘ਚ ਗਵਾਹ ਜਗਦੀਸ਼ ਕੌਰ ਦਾ ਸਨਮਾਨ
ਅੰਮ੍ਰਿਤਸਰ : ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਸਿੱਖ ਕਤਲੇਆਮ ਕੇਸ ਦੀ ਮੁੱਖ ਗਵਾਹ ਅਤੇ ਪੀੜਤ ਬੀਬੀ ਜਗਦੀਸ਼ ਕੌਰ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਕਤਲੇਆਮ ਮਾਮਲੇ ਵਿਚ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ। ਨਵੇਂ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾਓ ਭੇਂਟ ਕੀਤਾ। ਸਿੱਖ ਕਤਲੇਆਮ ਵਿਚ ਬੀਬੀ ਜਗਦੀਸ਼ ਕੌਰ ਦੇ ਪਤੀ, ਬੇਟੇ, ਭਰਾਵਾਂ ਸਮੇਤ ਪਰਿਵਾਰ ਦੇ ਕਈ ਜੀਅ ਕਤਲ ਕਰ ਦਿੱਤੇ ਗਏ ਸਨ। ਉਹ ਲੰਮੇ ਸਮੇਂ ਤੋਂ ਇਹ ਕੇਸ ਲੜ ਰਹੀ ਹੈ ਅਤੇ ਇਕ ਮੁੱਖ ਗਵਾਹ ਵੀ ਹੈ। ਘਟਨਾ ਦੇ ਵੇਰਵੇ ਬੀਬੀ ਜਗਦੀਸ਼ ਕੌਰ ਕੋਲੋਂ ਸੁਣਨ ਤੋਂ ਬਾਅਦ ਬਾਦਲ ਨੇ ਦੋਸ਼ ਲਾਇਆ ਕਿ ਕਤਲੇਆਮ ਲਈ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਜ਼ਿੰਮੇਵਾਰ ਹਨ। ਬੀਬੀ ਜਗਦੀਸ਼ ਕੌਰ ਨੇ ਦੋਸ਼ ਲਾਇਆ ਕਿ ਸੱਜਣ ਕੁਮਾਰ ਰਾਜੀਵ ਗਾਂਧੀ ਦੇ ਹੁਕਮਾਂ ‘ਤੇ ਹੀ ਸਾਰੀ ਗਤੀਵਿਧੀ ਕਰ ਰਹੇ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਸੋਨੀਆ ਗਾਂਧੀ ਕੋਲੋਂ ਵੀ ਇਸ ਮਾਮਲੇ ਵਿਚ ਪੁੱਛਗਿੱਛ ਹੋਣੀ ਚਾਹੀਦੀ ਹੈ ਵਾਜਬ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗਦੀਸ਼ ਕੌਰ ਨੇ ਤਿੰਨ ਦਿਨ ਘਰ ਵਿਚ ਆਪਣੇ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਨੂੰ ਰੱਖਿਆ ਅਤੇ ਇਕੱਲੇ ਹੀ ਲਾਸ਼ਾਂ ਦੇ ਨਾਲ ਰਹੇ। ਬਾਦਲ ਨੇ ਬੀਬੀ ਜਗਦੀਸ਼ ਕੌਰ ਦੇ ਹੌਸਲੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਲੰਮਾਂ ਸਮਾਂ ਕਾਨੂੰਨੀ ਲੜਾਈ ਲੜੀ ਤੇ ਹੁਣ ਜਾ ਕੇ ਨਿਆਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਬੀਬੀ ਜਗਦੀਸ਼ ਕੌਰ ਨੇ ਕੌਮ ਲਈ ਲੜੀ ਹੈ ਤੇ ਇਸ ਨਾਲ ਹੋਰ ਪੀੜਤਾਂ ਨੂੰ ਵੀ ਇਨਸਾਫ਼ ਦੀ ਆਸ ਬੱਝੀ ਹੈ। ਇਸ ਮੌਕੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਤੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਆਤਮ ਸਮਰਪਣ ਨੂੰ ਸੰਘਰਸ਼ ਦੀ ਜਿੱਤ ਦੱਸਿਆ ਹੈ। ਸਿੱਖ ਆਗੂਆਂ ਨੇ ਕਿਹਾ ਕਿ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਸਾਬਿਤ ਹੋਣ ਤੋਂ ਬਾਅਦ ਹੋਰ ਮੁਲਜ਼ਮਾਂ ਨੂੰ ਹੁਣ ਬਚਾਉਣ ਦਾ ਯਤਨ ਨਾ ਕੀਤਾ ਜਾਵੇ।

RELATED ARTICLES
POPULAR POSTS