Breaking News
Home / ਪੰਜਾਬ / ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪਹਿਲੀ ਮਹਿਲਾ ਪ੍ਰਿੰਸੀਪਲ ਬਣੀ ਪ੍ਰੋ. ਮਨਜੀਤ ਕੌਰ

ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪਹਿਲੀ ਮਹਿਲਾ ਪ੍ਰਿੰਸੀਪਲ ਬਣੀ ਪ੍ਰੋ. ਮਨਜੀਤ ਕੌਰ

9 ਦਹਾਕਿਆਂ ਤੋਂ ਚੱਲ ਰਹੇ ਲੜਕਿਆਂ ਦੇ ਕਾਲਜ ‘ਚ ਹੁਣ ਤੱਕ ਪੁਰਸ਼ ਪ੍ਰਿੰਸੀਪਲ ਹੀ ਰਹੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਿਛਲੇ ਲਗਭਗ 9 ਦਹਾਕਿਆਂ ਤੋਂ ਚੱਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਮਹਿਲਾ ਪ੍ਰਿੰਸੀਪਲ ਨੂੰ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਮਨਜੀਤ ਕੌਰ (44) ਨੇ ਲੰਘੇ ਸੋਮਵਾਰ ਨੂੰ ਨਵੇਂ ਵਰ੍ਹੇ ਦੇ ਪਹਿਲੇ ਦਿਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਵਜੋਂ ਕਾਰਜਭਾਰ ਸਾਂਭਿਆ ਹੈ।
ਉਹ ਇਸ ਸੰਸਥਾ ਦੀ 24ਵੀਂ ਪ੍ਰਿੰਸੀਪਲ ਹੈ। ਉਸ ਤੋਂ ਪਹਿਲਾਂ 23 ਪ੍ਰਿੰਸੀਪਲ ਪੁਰਸ਼ ਹੀ ਰਹੇ ਹਨ। ਉਨ੍ਹਾਂ ਪ੍ਰਿੰਸੀਪਲ ਬਲਦੇਵ ਸਿੰਘ, ਜੋ 31 ਦਸੰਬਰ ਨੂੰ ਸੇਵਾਮੁਕਤ ਹੋਏ ਹਨ, ਦੀ ਥਾਂ ਲਈ ਹੈ। ਇਹ ਕਾਲਜ 1921 ਵਿਚ ਵਾਪਰੇ ਸਾਕਾ ਨਨਕਾਣਾ ਸਾਹਿਬ ਦੀ ਯਾਦਗਾਰ ਵਜੋਂ 1927 ਵਿਚ ਉਸਾਰਿਆ ਗਿਆ ਸੀ। ਸ਼ਹੀਦੀ ਸਾਕੇ ਕਾਰਨ ਹੀ ਇਸ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨਾਂ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਿਹਾ ਇਹ ਗੁਰਮਤਿ ਕਾਲਜ ਸਿਰਫ਼ ਲੜਕਿਆਂ ਵਾਸਤੇ ਹੈ, ਇਸੇ ਲਈ ਹੁਣ ਤੱਕ ਇੱਥੇ ਪੁਰਸ਼ ਪ੍ਰਿੰਸੀਪਲ ਰਹੇ ਹਨ। ਪ੍ਰੋ. ਮਨਜੀਤ ਕੌਰ ਨੇ ਗੁਰਮਤਿ ਅਧਿਐਨ ਵਿਚ ਪਟਿਆਲਾ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਉਹ ਗੁਰਸਿੱਖ ਪਰਿਵਾਰ ਨਾਲ ਸਬੰਧਤ ਹੈ ਅਤੇ ਸਿਰ ‘ਤੇ ਕੇਸਕੀ ਸਜਾਉਂਦੇ ਹਨ। ਉਹ ਇਸ ਕਾਲਜ ਵਿਚ 2003 ਵਿਚ ਪਹਿਲੀ ਵਾਰ ਲੈਕਚਰਾਰ ਨਿਯੁਕਤ ਕੀਤੇ ਗਏ ਸਨ। ਉਸ ਵੇਲੇ ਉਹ ਇਸ ਕਾਲਜ ਵਿਚ ਪਹਿਲੇ ਮਹਿਲਾ ਅਧਿਆਪਕ ਸਨ।ਪ੍ਰਿੰਸੀਪਲ ਵਜੋਂ ਕਾਰਜਭਾਰ ਸਾਂਭਣ ਮੌਕੇ ਗੱਲ ਕਰਦਿਆਂ ਪ੍ਰੋ. ਮਨਜੀਤ ਕੌਰ ਨੇ ਦੱਸਿਆ ਕਿ ਬਤੌਰ ਅਧਿਆਪਕ ਉਨ੍ਹਾਂ ਦੀ ਨਿਯੁਕਤੀ ਵੇਲੇ ਵੀ ਚੋਣ ਕਰਨ ਵਾਲਿਆਂ ਨੇ ਇਹ ਕਿਹਾ ਸੀ ਕਿ ਲੜਕਿਆਂ ਦੇ ਕਾਲਜ ਵਿਚ ਉਨ੍ਹਾਂ ਨੂੰ ਪੜ੍ਹਾਉਣ ਵਿਚ ਮੁਸ਼ਕਿਲ ਆ ਸਕਦੀ ਹੈ, ਪਰ ਉਨ੍ਹਾਂ ਜਵਾਬ ਦਿੱਤਾ ਸੀ ਕਿ ਉਹ ਅਧਿਆਪਕ ਹਨ ਤੇ ਉਨ੍ਹਾਂ ਸਾਹਮਣੇ ਸਿਰਫ਼ ਵਿਦਿਆਰਥੀ ਹਨ, ਚਾਹੇ ਕੁੜੀਆਂ ਹੋਣ ਜਾਂ ਮੁੰਡੇ। ਇਸੇ ਸਿਧਾਂਤ ‘ਤੇ ਚਲਦਿਆਂ ਉਨ੍ਹਾਂ ਇਸ ਕਾਲਜ ਵਿਚ ਲਗਭਗ 15 ਸਾਲ ਪੜ੍ਹਾਇਆ ਹੈ ਤੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਪਹਿਲੀ ਵਾਰ ਔਰਤ ਪ੍ਰਿੰਸੀਪਲ ਨਿਯੁਕਤ ਕਰਨ ਦਾ ਸਵਾਗਤ ਕੀਤਾ।
ਕਈ ਵਿਧਾਇਕਾਂ ਨੂੰ ਜੀਵਨ ਸਾਥੀ ਦੀ ਲੋੜ
ਪੰਜਾਬ ‘ਚ ਕਈ ਐਮ ਐਲ ਏ ਅਜੇ ਤੱਕ ਕੁਆਰੇ ਹਨ ਅਤੇ ਉਨ੍ਹਾਂ ਨੂੰ ਆਪਣੇ ਲਈ ਜੀਵਨ ਸਾਥੀ ਦੀ ਲੋੜ ਹੈ। ਉਨ੍ਹਾਂ ਦੀ ਦੁਚਿੱਤੀ ਇਹ ਹੈ ਕਿ ਐਮ ਐਲ ਏ ਆਪਣਾ ਜੀਵਨ ਸਾਥੀ ਲੱਭਣ ਲਈ ਅਖ਼ਬਾਰਾਂ ‘ਚ ਇਸ਼ਤਿਹਾਰ ਵੀ ਨਹੀਂ ਦੇ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਜੀਵਨ ਸਾਥੀ ਲੱਭਣ ਲਈ ਟਾਈਮ ਮਿਲ ਰਿਹਾ ਹੈ। ਪੰਜਾਬ ‘ਚ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਫਿਰੋਜ਼ਪੁਰ ਤੋਂ ਦਵਿੰਦਰ ਸਿੰਘ ਘੁਬਾਇਆ ਹਨ, ਜੋ ਅਜੇ ਤੱਕ ਕੁਆਰੇ ਹਨ। ਆਮ ਆਦਮੀ ਪਾਰਟੀ ਦੇ ਵੀ ਕਈ ਵਿਧਾਇਕ ਅਜੇ ਤੱਕ ਕੁਆਰੇ ਹਨ। ਹਾਲ ਹੀ ‘ਚ ਆਪ ਦੀ ਇਕ ਵਿਧਾਇਕਾ ਰੂਬੀ ਦਾ ਵਿਆਹ ਹੋਇਆ ਹੈ। ਕਈ ਆਗੂ ਪਹਿਲੀ ਵਾਰ ਵਿਧਾਇਕ ਬਣੇ ਹਨ। ਹੁਣ ਇਹ ਘੋੜੀ ਕਦੋਂ ਚੜ੍ਹਨਗੇ ਇਹ ਸਮਾਂ ਹੀ ਦੱਸੇਗਾ।
ਸੋਸ਼ਲ ਮੀਡੀਆ ‘ਤੇ ਨਿਰਭਰ ਖਹਿਰਾ ਤੇ ਸੰਧੂ
ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਇਨ੍ਹੀਂ ਦਿਨੀਂ ਆਪਣੇ ਪ੍ਰਚਾਰ ਦੇ ਲਈ ਸੋਸ਼ਲ ਮੀਡੀਆ ‘ਤੇ ਨਿਰਭਰ ਹੋ ਗਏ ਹਨ। ਸ਼ੁਰੂ-ਸ਼ੁਰੂ ‘ਚ ਜਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਬਗਾਵਤ ਕੀਤੀ ਸੀ ਤਾਂ ਉਨ੍ਹਾਂ ਦੇ ਹੌਸਲੇ ਕਾਫ਼ੀ ਬੁਲੰਦ ਸਨ ਪ੍ਰੰਤੂ ਜਦੋਂ ਤੋਂ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਹੈ, ਉਦੋਂ ਤੋਂ ਉਨ੍ਹਾਂ ਦੇ ਹੌਸਲੇ ਪਸਤ ਹੋ ਗਏ ਹਨ। ਉਨ੍ਹਾਂ ਦੇ ਨਾਲ ਚੱਲਣ ਵਾਲੇ ਵਿਧਾਇਕਾਂ ‘ਚੋਂ ਕੁਝ ਵਾਪਸੀ ਕਰਨ ਦੀ ਤਿਆਰੀ ‘ਚ ਹਨ। ਜੈਕਿਸ਼ਨ ਰੋੜੀ ਨੇ ਜਦੋਂ ਦੀ ਘਰ ਵਾਪਸੀ ਕੀਤੀ ਹੈ ਉਦੋਂ ਤੋਂ ਸੁਖਪਾਲ ਖਹਿਰਾ ਖੁੱਲ੍ਹ ਕੇ ਆਪਣੀ ਗੱਲ ਵੀ ਨਹੀਂ ਰੱਖ ਪਾ ਰਹੇ। ਅਜਿਹੇ ‘ਚ ਉਹ ਆਪਣੇ ਪ੍ਰਚਾਰ ਦੇ ਲਈ ਸੋਸ਼ਲ ਮੀਡੀਆ ‘ਤੇ ਨਿਰਭਰ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਉਹ ਆਪਣੇ ਗੁੱਟ ਦੇ ਵਿਧਾਇਕਾਂ ‘ਚ ਏਕਤਾ ਦੀ ਗੱਲ ਕਰ ਰਹੇ ਹਨ ਅਤੇ ਆਪਣੀ ਮੀਟਿੰਗਾਂ ਦੇ ਬਾਰੇ ‘ਚ ਵੀ ਸੋਸ਼ਲ ਮੀਡੀਆ ‘ਤੇ ਹੀ ਕੁਮੈਂਟ ਪਾ ਰਹੇ ਹਨ।
ਮੰਤਰੀ ਸਰਕਾਰੀ ਕੋਠੀਆਂ ‘ਚ ਚਾਹੁੰਦੇ ਨੇ ਜਿੰਮ
ਪੰਜਾਬ ਦੇ ਜ਼ਿਆਦਾਤਰ ਮੰਤਰੀ ਆਪਣੇ ਰੁਝੇਵਿਆਂ ਕਾਰਨ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਪਾ ਰਹੇ। ਕਈ ਮੰਤਰੀ ਮੋਟਾਪੇ ਅਤੇ ਪੇਟ ਦੀਆਂ ਬਿਮਰੀਆਂ ਤੋਂ ਪ੍ਰੇਸ਼ਾਨ ਹਨ ਤਾਂ ਕਈ ਹੈਲਥ ਕਲੱਬਾਂ ‘ਚ ਜਾ ਕੇ ਫਿੱਟ ਹੋਣ ਦੇ ਯਤਨ ‘ਚ ਜੁਟੇ ਹਨ ਪ੍ਰੰਤੂ ਹੈਲਥ ਕਲੱਬਾਂ ‘ਚ ਜਾਣਾ ਉਨ੍ਹਾਂ ਦੇ ਲਈ ਰੋਜ਼ਾਨਾ ਸੰਭਵ ਨਹੀਂ ਹੋ ਰਿਹਾ। ਅਜਿਹੇ ‘ਚ ਜ਼ਿਆਦਾਤਰ ਮੰਤਰੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰੀ ਕੋਠੀਆਂ ‘ਚ ਹੀ ਜਿੰਮ ਹੋਵੇ ਤਾਂ ਕਿ ਉਨ੍ਹਾਂ ਨੂੰ ਐਕਸਰਸਾਈਜ਼ ਕਰਨ ਦੇ ਲਈ ਬਾਹਰ ਨਾ ਜਾਣਾ ਪਵੇ ਅਤੇ ਉਹ ਘਰ ‘ਚ ਹੀ ਜਦੋਂ ਸਮਾਂ ਮਿਲੇ, ਉਸ ਸਮੇਂ ਐਕਸਰਸਾਈਜ਼ ਕਰ ਲੈਣ। ਮੁੱਖ ਮੰਤਰੀ ਨਿਵਾਸ ‘ਚ ਅਜਿਹਾ ਜਿੰਮ ਬਣਾਇਆ ਗਿਆ ਹੈ। ਉਸੇ ਤਰ੍ਹਾਂ ਬਾਕੀ ਮੰਤਰੀ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰਾਂ ‘ਚ ਵੀ ਅਜਿਹਾ ਹੀ ਜਿਮ ਬਣੇ।
ਵਿਰੋਧ ਦੇ ਬਾਵਜੂਦ ਸਿੱਧੂ ਦੇ ਹੌਸਲੇ ਬੁਲੰਦ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਅੰਦਰ ਅਤੇ ਬਾਹਰ ਜਿੰਨਾ ਜ਼ਿਆਦਾ ਵਿਰੋਧ ਹੋ ਰਿਹਾ ਹੈ, ਉਹ ਉਨੇ ਜ਼ਿਆਦਾ ਮਸ਼ਹੂਰ ਹੋ ਰਹੇ ਹਨ ਅਤੇ ਉਨ੍ਹਾਂ ਦਾ ਹੌਸਲਾ ਵਧਦਾ ਜਾ ਰਿਹਾ ਹੈ। ਪਹਿਲਾਂ ਪਾਕਿਸਤਾਨ ਜਾ ਕੇ ਉਥੇ ਦੇ ਸੈਨਾ ਮੁਖੀ ਨੂੰ ਜੱਫੀ ਪਾਉਣਾ, ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਿਨਾ ਕਰਤਾਰਪੁਰ ਕੋਰੀਡੋਰ ਨਿਰਮਾਣ ਦੀ ਸ਼ੁਰੂਆਤ ਦੇ ਸਮੇਂ ਪਾਕਿਸਤਾਨ ਜਾਣਾ, ਫਿਰ ਉਥੋਂ ਵਾਪਸ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ‘ਚ ਗਲਤ ਬਿਆਨ ਦੇਣ ਤੋਂ ਉਨ੍ਹਾਂ ਦਾ ਵਿਰੋਧ ਵਧ ਗਿਆ ਪ੍ਰੰਤੂ ਹੌਲੀ-ਹੌਲੀ ਹੁਣ ਉਨ੍ਹਾਂ ਦੇ ਵਿਰੋਧੀ ਚੁੱਪੀ ਧਾਰਨ ਲੱਗੇ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …