Breaking News
Home / ਪੰਜਾਬ / ਪੰਜਾਬ ਕੈਬਨਿਟ ਵਲੋਂ ਤੀਰਥ ਯਾਤਰਾ ਯੋਜਨਾ ਨੂੰ ਮਨਜੂਰੀ

ਪੰਜਾਬ ਕੈਬਨਿਟ ਵਲੋਂ ਤੀਰਥ ਯਾਤਰਾ ਯੋਜਨਾ ਨੂੰ ਮਨਜੂਰੀ

ਸ਼ਹੀਦ ਫੌਜੀ ਜਵਾਨਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ‘ਚ ਵੀ ਕੀਤਾ ਵਾਧਾ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਨਾਲ ਹੋਰ ਵੀ ਕਈ ਯੋਜਨਾਵਾਂ ਲਾਂਚ ਕੀਤੀਆਂ ਹਨ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਚੰਡੀਗੜ੍ਹ ‘ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਤੀਰਥ ਯਾਤਰਾ ਸਕੀਮ ਨਾਲ ਪੰਜਾਬ ਦੇ ਬਜ਼ੁਰਗ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰ ਸਕਣਗੇ। ਇਹ ਸਕੀਮ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਰੇਲ ਗੱਡੀਆਂ ਅਤੇ ਬੱਸਾਂ ਦੇ ਜ਼ਰੀਏ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ।
ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਸ੍ਰੀ ਅਨੰਦਪੁਰ ਸਾਹਿਬ, ਵਾਰਾਣਸੀ, ਮਾਤਾ ਨੈਣਾ ਦੇਵੀ, ਜਵਾਲਾ ਜੀ ਅਤੇ ਸਾਲਾਸਰ ਧਾਮ ਸਣੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਮੁਫਤ ਕਰਵਾਈ ਜਾਵੇਗੀ। ਹਰਪਾਲ ਚੀਮਾ ਨੇ ਦੱਸਿਆ ਕਿ ਸ਼ਹੀਦ ਫੌਜੀ ਜਵਾਨਾਂ ਦੀਆਂ ਵਿਧਵਾਵਾਂ ਅਤੇ ਪੈਰਾ ਮਿਲਟਰੀ ਫੋਰਸ ‘ਚ ਸੇਵਾ ਦੇ ਦੌਰਾਨ ਅੰਗਹੀਣ ਹੋਣ ਵਾਲੇ ਜਵਾਨਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਗਈ ਹੈ। ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਇਕ ਹੋਰ ਫੈਸਲਾ ਕਾਨੂੰਗੋ ਅਤੇ ਪਟਵਾਰੀਆਂ ਨੂੰ ਲੈ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਾਨੂੰਗੋ ਅਤੇ ਪਟਵਾਰੀਆਂ ਦਾ ਕੌਮਨ ਕੈਡਰ ਨਹੀਂ ਸੀ ਅਤੇ ਹੁਣ ਪੰਜਾਬ ਦਾ ਕੌਮਨ ਕੈਡਰ ਸੂਬੇ ਵਿਚ ਬਣ ਗਿਆ ਹੈ। ਪੰਜਾਬ ਸਰਕਾਰ ਨੇ ਆਗਾਮੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵੱਖ-ਵੱਖ ਟੈਕਸਾਂ ਦੇ ਕਰੀਬ 61,805 ਡਿਫਾਲਟਰਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਲਿਆ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਡਿਫਾਲਟਰਾਂ ਨੂੰ ਰਾਹਤ ਦੇਣ ਵਾਸਤੇ ਯਕਮੁਸ਼ਤ ਸਕੀਮ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਪੰਜਾਬ ਕੈਬਨਿਟ ਨੇ ਉਨ੍ਹਾਂ 2657 ਵੱਡੇ ਡਿਫਾਲਟਰਾਂ ਨੂੰ ਯਕਮੁਸ਼ਤ ਸਕੀਮ ‘ਚੋਂ ਬਾਹਰ ਰੱਖਿਆ ਹੈ ਜਿਨ੍ਹਾਂ ਵੱਲ ਪ੍ਰਤੀ ਡਿਫਾਲਟਰ ਰਾਸ਼ੀ ਇੱਕ ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਵੱਡੇ ਡਿਫਾਲਟਰਾਂ ਨੂੰ ਪੂਰੀ ਰਾਸ਼ੀ ਅਦਾ ਕਰਨੀ ਪਵੇਗੀ।
ਵੱਡੇ ਡਿਫਾਲਟਰਾਂ ਵਿੱਚ ਭਾਰਤੀ ਖੁਰਾਕ ਨਿਗਮ ਅਤੇ ਸੂਬਾਈ ਖ਼ਰੀਦ ਏਜੰਸੀਆਂ ਦੇ ਦੇਣਦਾਰ ਵੀ ਸ਼ਾਮਲ ਹਨ। ਇਨ੍ਹਾਂ ਵੱਡੇ ਡਿਫਾਲਟਰਾਂ ਵੱਲ ਕਰੀਬ 22,110 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਚੇਤੇ ਰਹੇ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਵੱਡੇ ਸ਼ਹਿਰਾਂ ਵਿੱਚ ‘ਸਰਕਾਰ-ਸਨਅਤਕਾਰ ਮਿਲਣੀ’ ਕੀਤੀ ਗਈ ਸੀ, ਜਿਸ ਵਿੱਚ ਵਪਾਰੀਆਂ ਨੇ ਯਕਮੁਸ਼ਤ ਸਕੀਮ ਦੀ ਮੰਗ ਉਠਾਈ ਸੀ। ਪੰਜਾਬ ਸਰਕਾਰ ਦੀ ਯਕਮੁਸ਼ਤ ਸਕੀਮ ਨਾਲ 39,787 ਵਪਾਰੀਆਂ ਨੂੰ 528.38 ਕਰੋੜ ਰੁਪਏ ਦੀ ਮੁਆਫ਼ੀ ਦਾ ਲਾਭ ਮਿਲੇਗਾ। ਇਹ ਵਪਾਰੀ ਲੰਬੇ ਸਮੇਂ ਤੋਂ ਡਿਫਾਲਟਰਾਂ ਦੀ ਸੂਚੀ ‘ਚ ਸ਼ਾਮਲ ਸਨ। ਨਵੀਂ ਸਕੀਮ ਯਕੀਨੀ ਬਣਾਏਗੀ ਕਿ ਵਪਾਰੀਆਂ ਦੇ ਟੈਕਸ, ਵਿਆਜ ਤੇ ਜੁਰਮਾਨੇ ਸਮੇਤ ਉਨ੍ਹਾਂ ਦੇ ਬਕਾਏ ਮੁਆਫ਼ ਕੀਤੇ ਜਾ ਸਕਣ।

ਫੌਜੀਆਂ ਦੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਦੁੱਗਣੀ ਕਰਨ ਦੀ ਸ਼ਲਾਘਾ
ਆਮ ਆਦਮੀ ਪਾਰਟੀ ਪੰਜਾਬ ਨੇ ਸੂਬਾ ਸਰਕਾਰ ਵੱਲੋਂ ‘ਦਿ ਈਸਟ ਪੰਜਾਬ ਵਾਰ ਐਵਾਰਡ ਐਕਟ, 1948’ ਵਿੱਚ ਸੋਧ ਕਰ ਕੇ 83 ਲਾਭਪਾਤਰੀਆਂ ਦੀ ਵਿੱਤੀ ਸਹਾਇਤਾ ਨੂੰ 10,000 ਰੁਪਏ ਸਾਲਾਨਾ ਤੋਂ ਵਧਾ ਕੇ 20,000 ਰੁਪਏ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਬਾਰੇ ਮੇਜਰ ਆਰਪੀਐੱਸ ਮਲਹੋਤਰਾ, ਕਰਨਲ ਮਨਦੀਪ ਸਿੰਘ ਤੇ ਨਾਇਬ ਸੂਬੇਦਾਰ ਪਰਮੋਦ ਕੁਮਾਰ ਨੇ ਚੰਡੀਗੜ੍ਹ ਦੇ ਸੈਕਟਰ-39 ਵਿੱਚ ਸਥਿਤ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਮਾਪਿਆਂ ਦੀ ਵਿੱਤੀ ਸਹਾਇਤਾ ਵਧਾਉਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਦੇ ਇਕਲੌਤੇ ਬੱਚੇ ਜਾਂ ਦੋ ਤੋਂ ਤਿੰਨ ਬੱਚੇ ਦੂਜੇ ਵਿਸ਼ਵ ਯੁੱਧ, ਰਾਸ਼ਟਰੀ ਐਮਰਜੈਂਸੀ 1962 ਤੇ 1971 ਦੌਰਾਨ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਸਨ। ਮੇਜਰ ਮਲਹੋਤਰਾ ਨੇ ਅਪੰਗ ਸਿਪਾਹੀਆਂ ਦੀ ਐਕਸ-ਗ੍ਰੇਸ਼ੀਆ ਗਰਾਂਟ ਨੂੰ ਦੁੱਗਣੀ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਇਸ ਕਦਮ ਦਾ ਉਦੇਸ਼ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।

Check Also

ਪੰਜਾਬ ਪੁਲਿਸ ਨੇ ਇੰਟਰ ਸਟੇਟ ਸਾਈਬਰ ਗਿਰੋਹ ਫੜਿਆ

ਅਸਾਮ ਪੁਲਿਸ ਦੀ ਮੱਦਦ ਨਾਲ ਚਲਾਇਆ ਗਿਆ ਸੀ ਇਹ ਅਪਰੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਲੁਧਿਆਣਾ ਦੀ ਪੁਲਿਸ …