ਵਿਭਾਗੀ ਜਾਂਚ ਸੇਵਾਮੁਕਤ ਜੱਜ ਨੂੰ ਸੌਂਪੀ
ਪਟਿਆਲਾ/ਬਿਊਰੋ ਨਿਊਜ਼ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ ਦਿਨੀਂ ਵਾਪਰੇ ਅਣਸੁਖਾਵੇਂ ਘਟਨਾਕ੍ਰਮ ਬਾਬਤ ਸ਼ੁਰੂ ਕੀਤੀਆਂ ਕਾਰਵਾਈਆਂ ਅਗਲੇ ਪੜਾਅ ਵਿੱਚ ਪਹੁੰਚ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਪ੍ਰੋ. ਸੁਰਜੀਤ ਸਿੰਘ ਵੱਲੋਂ ਚਾਰਜਸ਼ੀਟ ਦਾ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਸੇਵਾਮੁਕਤ ਜ਼ਿਲ੍ਹਾ ਸੈਸ਼ਨ ਜੱਜ ਵੀਕੇ ਗੁਪਤਾ ਦੇ ਹਵਾਲੇ ਕਰ ਦਿੱਤੀ ਹੈ। ਯੂਨੀਵਰਸਿਟੀ ਦੀ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਪ੍ਰੋ. ਸੁਰਜੀਤ ਸਿੰਘ ਦੀ ਮੁਅੱਤਲੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਮੁਅੱਤਲੀ ਦੌਰਾਨ ਪ੍ਰੋ. ਸੁਰਜੀਤ ਸਿੰਘ ਦਾ ਹੈੱਡਕੁਆਰਟਰ ਯੂਨੀਵਰਸਿਟੀ ਕਾਲਜ ਘਨੌਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਹਿੰਸਾ ਕਰਨ ਦੇ ਮਾਮਲੇ ਦੀ ਜਾਂਚ ਅਗਲੇ ਪੜਾਅ ਵਿੱਚ ਪਹੁੰਚ ਗਈ ਹੈ। ਪ੍ਰੋ. ਸੁਰਜੀਤ ਸਿੰਘ ਖ਼ਿਲਾਫ਼ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮੁੱਢਲੀ ਜਾਂਚ ਸੇਵਾਮੁਕਤ ਵਧੀਕ ਸੈਸ਼ਨ ਜੱਜ ਜਸਵਿੰਦਰ ਸਿੰਘ ਨੇ ਕੀਤੀ ਸੀ। ਉਸ ਉਪਰੰਤ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਪ੍ਰੋ. ਸੁਰਜੀਤ ਸਿੰਘ ਨੂੰ ਚਾਰਜਸ਼ੀਟ ਦਾ ਜਵਾਬ ਦੇਣ ਲਈ ਪੰਦਰਾਂ ਦਿਨ ਦਿੱਤੇ ਗਏ ਸਨ। ਹੁਣ ਪ੍ਰੋ. ਸੁਰਜੀਤ ਸਿੰਘ ਦਾ ਜਵਾਬ ਆਉਣ ਉਪਰੰਤ ਯੂਨੀਵਰਸਿਟੀ ਨੇ ਅਗਲੀ ਕਾਰਵਾਈ ਲਈ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੀਆਂ ਕੁੱਝ ਸ਼ਿਕਾਇਤਾਂ ਪ੍ਰੋ. ਸੁਰਜੀਤ ਸਿੰਘ ਖ਼ਿਲਾਫ਼ ਆਈਆਂ ਸਨ। ਮੁੱਢਲੀ ਜਾਂਚ ਰਿਪੋਰਟ ਵਿੱਚ ਦਰਜ ਕੀਤਾ ਗਿਆ ਸੀ ਕਿ ਪ੍ਰੋ. ਸੁਰਜੀਤ ਸਿੰਘ ਦਾ ਵਿਦਿਆਰਥੀਆਂ ਨਾਲ ਵਿਹਾਰ ‘ਮਾੜਾ, ਰੁੱਖਾ ਅਤੇ ਫਾਹਿਸ਼’ ਹੈ ਜੋ ਅਧਿਆਪਕ ਦੇ ਅਹੁਦੇ ਨਾਲ ਮੇਲ਼ ਨਹੀਂ ਖਾਂਦਾ। ਪ੍ਰੋ. ਸੁਰਜੀਤ ਸਿੰਘ ਵੱਲੋਂ ਚਾਰਜਸ਼ੀਟ ਦਾ ਜਵਾਬ ਦਰਜ ਕਰਵਾਏ ਜਾਣ ਤੋਂ ਬਾਅਦ ਪਾਇਆ ਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕਰਨੀ ਬਣਦੀ ਹੈ। ਅਗਲੀ ਕਾਰਵਾਈ ਤੋਂ ਪਹਿਲਾਂ ਛੁੱਟੀ ਉੱਤੇ ਚੱਲ ਰਹੇ ਪ੍ਰੋ. ਸੁਰਜੀਤ ਸਿੰਘ ਨੂੰ ‘ਮਿਤੀ 8 ਨਵੰਬਰ ਤੋਂ ਅਗਲੇ ਆਦੇਸ਼ਾਂ ਤੱਕ ਤੁਰੰਤ ਮੁਅੱਤਲ’ ਕਰ ਦਿੱਤਾ ਗਿਆ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …