‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ ਸੀ ਅਤੇ ਇਹ ਦਿਨ ਹੰਗਾਮੇ ਦੀ ਭੇਂਟ ਚੜ੍ਹਿਆ। ਸਦਨ ਵਿਚ ਸਵੇਰੇ ਕਾਰਵਾਈ ਦੀ ਸ਼ੁਰੂਆਤ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਹੰਗਾਮੇ ‘ਤੇ ਉਤਰ ਆਏ। ‘ਆਪ’ ਦੇ ਵਿਧਾਇਕਾਂ ਨੇ ਸੁਖਪਾਲ ਖਹਿਰਾ ਦੇ ਡਰੱਗ ਮਾਮਲੇ ਨੂੰ ਲੈ ਕੇ ਸਦਨ ਵਿਚ ਜੰਮ ਕੇ ਹੰਗਾਮਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ।
ਉਥੇ ਹੀ ਸਦਨ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਕਰਜ਼ਾ ਮੁਆਫੀ ਨੂੰ ਲੈ ਕੇ ਵਿਧਾਨ ਸਭਾ ਵਿਚ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ। ਦੁਪਹਿਰ 12 ਵਜੇ ਹੀ ਸਦਨ ਖਤਮ ਕਰ ਦਿੱਤਾ ਗਿਆ। ਭਲਕੇ ਬੁੱਧਵਾਰ ਨੂੰ ਇਜਲਾਸ ਦਾ ਆਖਰੀ ਦਿਨ ਹੈ। ਇਜਲਾਸ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਝ ਬਿਲ ਅੱਜ ਪਾਸ ਹੋ ਗਏ ਹਨ ਅਤੇ ਬਾਕੀ ਭਲਕੇ ਪਾਸ ਹੋ ਜਾਣਗੇ ਪਰ ਵਿਰੋਧੀ ਧਿਰ ਸਮਾਂ ਖਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਕਰਜ਼ਾ ਮੁਆਫੀ ਦੀ ਵੰਡ ਸ਼ੁਰੂ ਹੋ ਜਾਵੇਗੀ।