Breaking News
Home / ਹਫ਼ਤਾਵਾਰੀ ਫੇਰੀ / ਸਿਰਜਿਆ ਇਤਿਹਾਸ

ਸਿਰਜਿਆ ਇਤਿਹਾਸ

Bardeesh copy copyਬਰਦੀਸ਼ ਚੱਗਰ ਬਣੀ ਹਾਊਸ ਲੀਡਰ
ਸਭ ਤੋਂ ਘੱਟ ਉਮਰ ‘ਚ ਹਾਊਸ ਲੀਡਰ ਬਣਨ ਵਾਲੀ ਪਹਿਲੀ ਔਰਤ ਹੈ ਬਰਦੀਸ਼
ਟਰੂਡੋ ਵੱਲੋਂ ਵੱਡੀ ਜ਼ਿੰਮੇਵਾਰੀ ਪੰਜਾਬਣ ਨੂੰ ਦੇਣ ‘ਤੇ ਪੰਜਾਬੀ ਹੋਏ ਬਾਗੋ-ਬਾਗੋ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਮੇਤ ਦੁਨੀਆ ਭਰ ‘ਚ ਵਸਣ ਵਾਲੇ ਪੰਜਾਬੀਆਂ ਦਾ ਸਿਰ ਮਾਣ ਨਾਲ ਉਸ ਵਕਤ ਉਚਾ ਹੋਇਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰਦੀਸ਼ ਚੱਗਰ ਨੂੰ ਛੋਟੇ ਕਾਰੋਬਾਰ ਅਤੇ ਸੈਰ-ਸਪਾਟਾ ਮੰਤਰਾਲੇ ਨਾਲ ਸੰਸਦ ਵਿਚ ਸਰਕਾਰ ਦੀ ਹਾਊਸ ਲੀਡਰ ਬਣਾਉਣ ਦਾ ਐਲਾਨ ਕੀਤਾ। ਕੈਨੇਡਾ ‘ਚ ਇਸ (ਕੈਬਨਿਟ ਦਰਜੇ ਦੇ) ਅਹੁਦੇ ‘ਤੇ ਪੁੱਜਣ ਵਾਲੀ ਬਰਦੀਸ਼ ਚੱਗਰ ਪਹਿਲੀ ਔਰਤ ਹੈ ਅਤੇ ਉਸ ਨੇ ਡੋਮਨੀਕ ਲੀਬਲਾਂਕ ਦੀ ਜਗ੍ਹਾ ਲਈ ਹੈ। ਉਸਦੇ ਨਾਲ ਹੀ 36 ਸਾਲਾ ਇਸ ਸਿੱਖ ਐਮ ਪੀ ਨੂੰ ਸਭ ਤੋਂ ਘੱਟ ਉਮਰ ਦੀ ਹਾਊਸ ਲੀਡਰ ਹੋਣ ਦਾ ਮਾਣ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਪਾਰਲੀਮਾਨੀ ਇਤਿਹਾਸ ਵਿੱਚ ਕੋਈ ਔਰਤ ਐਮ ਪੀ ਹਾਊਸ ਲੀਡਰ ਨਹੀਂ ਬਣੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬਰਦੀਸ਼ ਨੂੰ ਇਹ ਵੱਡੀ ਅਤੇ ਵੱਕਾਰੀ ਜ਼ਿੰਮੇਵਾਰੀ ਸੌਂਪੇ ਜਾਣ ਮਗਰੋਂ ਕੈਨੇਡਾ ਦੇ ਭਾਰਤੀ ਮੂਲ ਦੇ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਬਰਦੀਸ਼ 19 ਅਕਤੂਬਰ 2015 ਨੂੰ ਵਾਟਰਲੂ ਹਲਕੇ ਤੋਂ ਪਾਰਲੀਮੈਂਟ ਮੈਂਬਰ ਚੁਣੀ ਗਈ ਸੀ ਅਤੇ 4 ਨਵੰਬਰ ਨੂੰ ਸਰਕਾਰ ਦੇ ਗਠਨ ਵੇਲੇ ਉਸ ਨੂੰ ਕੈਬਨਿਟ ‘ਚ ਸ਼ਾਮਿਲ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਕੈਨੇਡਾ ਦੀ ਸੰਸਦ ਵਿਚ ਪੰਜਾਬੀ ਸੂਟ ਪਾ ਕੇ ਸਵਾਲਾਂ ਦਾ ਜਵਾਬ ਦਿੰਦੇ ਵੀ ਦੇਖਿਆ ਜਾਂਦਾ ਹੈ। ਹਾਊਸ ਲੀਡਰ ਵਜੋਂ ਉਸਦਾ ਮੁੱਖ ਕੰਮ ਵਿਰੋਧੀ ਧਿਰਾਂ ਨਾਲ ਪਾਰਲੀਮੈਂਟ ਦੀਆਂ ਕਾਰਵਾਈਆਂ ਅਤੇ ਪੇਸ਼ ਹੋਣ ਵਾਲੇ ਮੋਸ਼ਨਾਂ ਬਾਰੇ ਗੱਲਬਾਤ ਕਰਕੇ ਸਹਿਮਤੀ ਪੈਦਾ ਕਰਨਾ ਹੋਵੇਗਾ। ਇਸਦੇ ਨਾਲ ਉਹ ਆਪਣੇ ਮੰਤਰਾਲੇ ਦੀਆਂ ਜ਼ਿੰਮਵਾਰੀਆਂ ਨੂੰ ਵੀ ਨਿਭਾਏਗੀ। ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਸ ਹੈ ਕਿ ਬਰਦੀਸ਼ ਇਸ ਅਹੁਦੇ ਵਿੱਚ ਲਚਕੀਲੇ ਰਵਈਆ ਦਾ ਵਿਖਾਲਾ ਕਰਕੇ ਸਰਕਾਰ ਨੂੰ ਦੇ ਪਾਰਲੀਮੈਂਟ ਵਿੱਚ ਵਿਗੜ ਰਹੇ ਅਕਸ ਨੂੰ ਸੁਧਾਰਨ ਵਿੱਚ ਮਦਦ ਕਰੇਗੀ।
13 ਸਾਲਾਂ ਦੀ ਉਮਰ ‘ਚ ਹੀ ਨਿੱਤਰ ਆਈ ਸੀ ਸਿਆਸੀ ਪਿੜ ‘ਚ
ਮਾਤਰ 13 ਸਾਲਾਂ ਦੀ ਉਮਰ ਵਿਚ ਹੀ ਬਰਦੀਸ਼ ਸਿਆਸੀ ਪਿੜ ਵਿਚ ਨਿੱਤਰ ਆਈ ਸੀ। ਉਮਰ ਦਾ ਅਜੇ 36ਵਾਂ ਸਾਵਣ ਝੂਟ ਰਹੀ ਬਰਦੀਸ਼ ਚੱਗਰ 1993 ਵਿਚ ਜਦੋਂ 13 ਸਾਲਾਂ ਦੀ ਸੀ ਤਦ ਉਸ ਨੇ ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਇਕ ਵਲੰਟੀਅਰ ਵਜੋਂ ਮੋਰਚਾ ਸੰਭਾਲਿਆ ਸੀ ਤੇ ਹੁਣ ਉਹ ਕੈਨੇਡਾ ਦੀ ਸੰਸਦ ਦੀਆਂ ਪੌੜੀਆਂ ਵੀ ਚੜ੍ਹੀ, ਮੰਤਰੀ ਵੀ ਬਣੀ ਤੇ ਹਾਊਸ ਲੀਡਰ ਬਣਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕਰ, ਸਭ ਤੋਂ ਛੋਟੀ ਉਮਰੇ ਇਸ ਅਹੁਦੇ ‘ਤੇ ਪਹੁੰਚ ਕੇ ਇਕ ਨਵਾਂ ਇਤਿਹਾਸ ਵੀ ਸਿਰਜ ਦਿੱਤਾ। ਬਰਦੀਸ਼ ਨੇ ਯੂਨੀਵਰਸਿਟੀ ਆਫ ਵਾਰਟਲੂ ਤੋਂ ਵਿੱਦਿਆ ਹਾਸਲ ਕੀਤੀ ਅਤੇ 1993 ਤੋਂ 2008 ਤੱਕ ਵਾਟਰਲੂ ਤੋਂ ਐਮ ਪੀ ਐਂਡਰਿਊ ਟੇਲੀਗਦੀ ਦੀ ਐਗਜ਼ੈਕਟਿਵ ਅਸਿਸਟੈਂਟ ਵਜੋਂ ਕੰਮ ਕੀਤਾ।  2008 ਤੋਂ ਬਾਅਦ ਐਮ ਪੀ ਚੁਣੇ ਜਾਣ ਤੱਕ ਬਰਦੀਸ਼ ਕਿਚਰਨਰ ਵਾਟਰਲੂ ਮਲਟੀਕਲਚਰਲ ਸੈਂਟਰ ਵਿੱਚ ਨੌਕਰੀਸ਼ੁਦਾ ਰਹੀ ਹੈ।

Check Also

ਭਾਰਤ ਛੇਤੀ ਹੀ ਬਣੇਗਾ ਦੁਨੀਆ ਦਾ ਨੰਬਰ ਵੰਨ ਕਰੋਨਾ ਮੁਲਕ!

ਨਵੀਂ ਦਿੱਲੀ : ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3 ਕਰੋੜ ਦੇ ਪਾਰ ਹੋ …