ਮਰਦਮਸ਼ੁਮਾਰੀ ‘ਚ ਵੱਖਰੇ ਤੌਰ ‘ਤੇ ਮਿਲੇਗਾ ਕੋਡ
ਵਾਸ਼ਿੰਗਟਨ : ਅਮਰੀਕਾ ‘ਚ ਇਸੇ ਸਾਲ 2020 ਦੀ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਗਿਣਤੀ ਵੱਖਰੇ ਭਾਈਚਾਰੇ ਵਜੋਂ ਕੀਤੀ ਜਾਵੇਗੀ। ਸਿੱਖਾਂ ਦੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਮੀਲ ਦਾ ਪੱਥਰ ਕਰਾਰ ਦਿੱਤਾ। ਸੈਨ ਡਿਆਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਕਰਕੇ ਫਲ ਮਿਲਿਆ ਹੈ। ਇਸ ਨਾਲ ਅਮਰੀਕਾ ‘ਚ ਸਿਰਫ਼ ਸਿੱਖਾਂ ਲਈ ਹੀ ਨਹੀਂ, ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਵੱਖਰੀ ਗਿਣਤੀ ਦਾ ਰਸਤਾ ਖੁੱਲ੍ਹੇਗਾ। ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਯੂਨਾਈਟਿਡ ਸੰਗਠਨ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਵੇਗਾ ਕਿ ਅਮਰੀਕੀ ਮਰਦਮਸ਼ੁਮਾਰੀ ‘ਚ ਘੱਟ ਗਿਣਤੀ ਭਾਈਚਾਰੇ ਦੀ ਵੱਖਰੇ ਤੌਰ ‘ਤੇ ਗਿਣਤੀ ਕੀਤੀ ਜਾਵੇਗੀ ਤੇ ਉਸ ਨੂੰ ਵੱਖਰਾ ਕੋਡ ਮਿਲੇਗਾ। ਯੂਨਾਈਟਿਡ ਸਿੱਖ ਦੇ ਨੁਮਾਇੰਦਿਆਂ ਦੀ ਅਮਰੀਕੀ ਮਰਦਮਸ਼ੁਮਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰੀ ਬੈਠਕਾਂ ਹੋਈਆਂ ਸਨ। ਨਵੀਂ ਬੈਠਕ ਛੇ ਜਨਵਰੀ ਨੂੰ ਸੈਨ ਡਿਆਗੋ ‘ਚ ਹੋਈ ਸੀ। ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਮਰੀਕਾ ‘ਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਯੂਨਾਈਟਿਡ ਸਿੱਖ ਮੁਤਾਬਕ ਅਮਰੀਕਾ ‘ਚ ਸਿੱਖਾਂ ਦੀ ਗਿਣਤੀ ਕਰੀਬ 10 ਲੱਖ ਹੈ।
ਦੋ ਦਹਾਕਿਆਂ ਤੋਂ ਚੱਲ ਰਹੀ ਸੀ ਮੰਗ
ਅਮਰੀਕਾ ‘ਚ ਰਹਿ ਰਹੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ ਤੇ ਉਨ੍ਹਾਂ ਨੇ ਅਮਰੀਕੀ ਫੈਡਰਲ ਰਜਿਸਟਰ ‘ਚ ਵੀ ਕਮੈਂਟਰੀ ਦਾਇਰ ਕੀਤੀ ਸੀ ਜਿਸ ਵਿਚ ਸਿੱਖਾਂ ਨੂੰ ਵੱਖਰੇ ਭਾਈਚਾਰੇ ਵਜੋਂ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …