Breaking News
Home / ਭਾਰਤ / ਨਵੀਂ ਦਿੱਲੀ ਦਾ ਚੋਣ ਅਖਾੜਾ ਲੱਗਾ ਭਖਣ

ਨਵੀਂ ਦਿੱਲੀ ਦਾ ਚੋਣ ਅਖਾੜਾ ਲੱਗਾ ਭਖਣ

‘ਆਪ’ ਵਲੋਂ 70 ਉਮੀਦਵਾਰਾਂ ਦੀ ਸੂਚੀ ਜਾਰੀ
ਨਵੀਂ ਦਿੱਲੀ : 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੀਆਂ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਤੇ ਕਾਂਗਰਸ ਵਲੋਂ ਫਿਲਹਾਲ ਆਪਣੇ ਉਮੀਦਵਾਰਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ। ‘ਆਪ’ ਨੇ ਇਸ ਵਾਰ 46 ਮੌਜੂਦਾ ਵਿਧਾਇਕਾਂ ਨੂੰ ਮੁੜ ਤੋਂ ਉਮੀਦਵਾਰ ਬਣਾਇਆ ਹੈ ਜਦਕਿ 15 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਹੈ, ਭਾਵ 24 ਨਵੇਂ ਚਿਹਰੇ ਚੋਣ ਮੈਦਾਨ ‘ਚ ਉਤਾਰੇ ਗਏ ਹਨ। ਸਾਲ 2015 ਦੀਆਂ ਚੋਣਾਂ ਵਿਚ 6 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਦਕਿ ਇਸ ਵਾਰ 8 ਮਹਿਲਾਵਾਂ ਨੂੰ ਟਿਕਟ ਦਿੱਤੀ ਗਈ ਹੈ। ‘ਆਪ’ ਵਲੋਂ ਜਾਰੀ ਸੂਚੀ ਨੇ ਸਿੱਖ ਭਾਈਚਾਰੇ ਨੂੰ ਜ਼ਰੂਰ ਨਿਰਾਸ਼ ਕੀਤਾ ਹੈ ਕਿਉਂਕਿ 2015 ‘ਚ 4 ਸਿੱਖ ਚਿਹਰਿਆਂ ਨੂੰ ਉਮੀਦਵਾਰ ਬਣਾਇਆ ਸੀ, ਜਦਕਿ ਇਸ ਵਾਰ ਸਿਰਫ਼ 2 ਸਿੱਖਾਂ ਨੂੰ ਟਿਕਟ ਦਿੱਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਣੇ ਪੁਰਾਣੇ ਹਲਕਿਆਂ ਕ੍ਰਮਵਾਰ ਨਵੀਂ ਦਿੱਲੀ ਅਤੇ ਪਟਪੜ ਗੰਜ ਤੋਂ ਹੀ ਚੋਣ ਲੜਨਗੇ।
ਸਿਰਫ ਦੋ ਸਿੱਖ ਉਮੀਦਵਾਰਾਂ ਨੂੰ ਦਿੱਤੀ ਟਿਕਟ : ‘ਆਪ’ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਸਿੱਖ ਭਾਈਚਾਰੇ ਨੂੰ ਨਿਰਾਸ਼ਾ ਹੋਈ ਹੈ। ਮੌਜੂਦਾ ਵਿਧਾਇਕ ਜਰਨੈਲ ਸਿੰਘ ਤਿਲਕ ਨਗਰ ਅਤੇ ਚਾਂਦਨੀ ਤੋਂ ਪ੍ਰਹਿਲਾਦ ਸਿੰਘ ਸਾਹਨੀ ਨੂੰ ਉਮੀਦਵਾਰ ਬਣਾਇਆ ਹੈ। ਪਿਛਲੀ ਵਾਰ ਪਾਰਟੀ ਵਲੋਂ 4 ਸਿੱਖ ਚਿਹਰਿਆਂ ਜਰਨੈਲ ਸਿੰਘ ਪੱਤਰਕਾਰ, ਜਰਨੈਲ ਸਿੰਘ ਤਿਲਕ ਨਗਰ, ਜਗਦੀਪ ਸਿੰਘ ਹਰੀ ਨਗਰ ਤੇ ਅਵਤਾਰ ਸਿੰਘ ਕਾਲਕਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਰਾਜੌਰੀ ਗਾਰਡਨ ਤੋਂ ਤੱਤਕਾਲੀ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਚੋਣ ਲੜਨ ਦੇ ਫੈਸਲੇ ਕਾਰਨ ਦਿੱਲੀ ਦੀ ਵਿਧਾਇਕੀ ਛੱਡਣੀ ਪਈ ਸੀ ਅਤੇ ਉਸ ਸੀਟ ‘ਤੇ ਜ਼ਿਮਨੀ ਚੋਣ ‘ਚ ਅਕਾਲੀ-ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਜਿੱਤ ਕੇ ਵਿਧਾਇਕ ਬਣ ਗਏ ਸਨ। ਇਸ ਵਾਰ ਸਿਰਫ਼ ਇਕ ਮੌਜੂਦਾ ਸਿੱਖ ਵਿਧਾਇਕ ਜਰਨੈਲ ਸਿੰਘ ਤਿਲਕ ਨਗਰ ਨੂੰ ਹੀ ਦੁਬਾਰਾ ਉਮੀਦਵਾਰ ਬਣਾਇਆ ਗਿਆ ਹੈ।
ਮੁੱਖ ਮੰਤਰੀ ਲਈ ਕੇਜਰੀਵਾਲ 67.6 ਫੀਸਦੀ ਲੋਕਾਂ ਦੀ ਪਸੰਦ : ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਆਈ.ਏ.ਐਨ.ਐਸ.-ਸੀਵੋਟਰ ਦੇ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਅਰਵਿੰਦ ਕੇਜਰੀਵਾਲ 67.6 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਹਨ। ਭਾਜਪਾ ਨੇ ਮੁੱਖ ਮੰਤਰੀ ਲਈ ਕਿਸੇ ਦਾ ਨਾਮ ਅੱਗੇ ਨਹੀਂ ਲਿਆਂਦਾ, ਪਰ 11.9 ਫੀਸਦੀ ਦਿੱਲੀ ਵਾਸੀ ਚਾਹੁੰਦੇ ਹਨ ਕਿ ਭਾਜਪਾ ਦੇ ਡਾਕਟਰ ਹਰਸ਼ ਵਰਧਨ ਮੁੱਖ ਮੰਤਰੀ ਬਣਨ। ਸਿਰਫ 3.7 ਫੀਸਦੀ ਲੋਕ ਹੀ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …