12.7 C
Toronto
Saturday, October 18, 2025
spot_img
Homeਹਫ਼ਤਾਵਾਰੀ ਫੇਰੀਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ 'ਚ ਚੱਲ ਰਹੇ ਧਰਨੇ 'ਚ ਪੰਜਾਬੀਆਂ ਨੇ ਵੀ...

ਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ ‘ਚ ਚੱਲ ਰਹੇ ਧਰਨੇ ‘ਚ ਪੰਜਾਬੀਆਂ ਨੇ ਵੀ ਕੀਤੀ ਸ਼ਮੂਲੀਅਤ

ਵਿਵਾਦਤ ਕਾਨੂੰਨ ਰੱਦ ਕਰਨ ਲਈ ਅਵਾਜ਼ ਹੋਈ ਬੁਲੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਸੋਧੇ ਹੋਏ ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਖਿਲਾਫ ਪਿਛਲੇ ਇਕ ਮਹੀਨੇ ਤੋਂ ਦੱਖਣੀ-ਪੂਰਬੀ ਦਿੱਲੀ ਦੇ ਸ਼ਾਹੀਨ ਬਾਗ਼ ‘ਚ ਧਰਨੇ ‘ਤੇ ਬੈਠੇ ਲੋਕਾਂ ਨੂੰ ਉਸ ਸਮੇਂ ਹੱਲਾਸ਼ੇਰੀ ਮਿਲੀ ਜਦੋਂ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਨੌਜਵਾਨਾਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਉਨ੍ਹਾਂ ਨੂੰ ਹਮਾਇਤ ਦਿੰਦਿਆਂ ਧਰਨੇ ‘ਚ ਸ਼ਮੂਲੀਅਤ ਕੀਤੀ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਐਕਟ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ।
ਇਹ ਕਾਰਕੁਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨਾਲ ਸ਼ਾਹੀਨ ਬਾਗ਼ ਪੁੱਜੇ ਤੇ ਕੇਂਦਰ ਸਰਕਾਰ ਦੀ ਉਕਤ ਕਾਨੂੰਨਾਂ ਹੇਠ ਛੁਪੀ ਫਿਰਕੂ ਭਾਵਨਾ ਨੂੰ ਨੰਗਾ ਕੀਤਾ। ਲੋਕ ਮੋਰਚਾ ਪੰਜਾਬ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਧਰਨੇ ‘ਚ ਸ਼ਮੂਲੀਅਤ ਕੀਤੀ। ਐੱਨਆਰਸੀ, ਸੀਏਏ ਤੇ ਐੱਨਪੀਆਰ ਰੱਦ ਕਰਨ ਦੇ ਨਾਅਰੇ ਲਾਉਂਦਿਆਂ ਅਤੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਨੌਜਵਾਨਾਂ ਨੇ ਮੋਰਚੇ ਅੰਦਰ ਇਨਕਲਾਬੀ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਸ਼ਾਹੀਨ ਬਾਗ਼ ਤੋਂ ਜਾਮੀਆ ਯੂਨੀਵਰਸਿਟੀ ਤੱਕ ਕੀਤੇ ਮਾਰਚ ਵਿੱਚ ਪੰਜਾਬ ਦੇ ਵਿਦਿਆਰਥੀ ਵੀ ਸ਼ਾਮਲ ਸਨ। ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਲੇਮਗੜ੍ਹ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਫ਼ਿਰਕੂ ਆਧਾਰ ‘ਤੇ ਨਾਗਰਿਕਤਾ ਦੇਣ ਦਾ ਕਾਨੂੰਨ ਲੈ ਕੇ ਆਉਣਾ ਦੇਸ਼ ਦੇ ਕਿਰਤੀ ਲੋਕਾਂ ਦੀ ਸਾਂਝ ਨੂੰ ਫ਼ਿਰਕੂ ਆਧਾਰ ‘ਤੇ ਵੰਡਣ ਦੀ ਮਨਸ਼ਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜ਼ਮੀਨ, ਰੁਜ਼ਗਾਰ, ਸਿੱਖਿਆ, ਜਲ ਅਤੇ ਜੰਗਲ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਪਰੋਸੇ ਜਾ ਰਹੇ ਹਨ। ‘ਲੋਕਾਂ ਨੇ ਹਾਕਮ ਜਮਾਤਾਂ ਦੀਆਂ ਕਾਰਪੋਰੇਟ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ ਹਨ।’ ਕਿਸਾਨ ਆਗੂਆਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਉਚੇਚੇ ਤੌਰ ‘ਤੇ ਇਨ੍ਹਾਂ ਕਾਨੂੰਨਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਦੀਆਂ ਤੋਂ ਮੁਲਕ ਅੰਦਰ ਰਹਿ ਰਹੇ ਬਾਸ਼ਿੰਦਿਆਂ ਨੂੰ ਘੁਸਪੈਠੀਏ ਆਖ ਕੇ ਨਜ਼ਰਬੰਦੀ ਕੈਂਪਾਂ ਵਿੱਚ ਸੁੱਟਣ ਦੀ ਤਿਆਰੀ ਕਰ ਲਈ ਹੈ। ਨੌਜਵਾਨਾਂ ਦੀ ਦਲੀਲ ਸੀ ਕਿ ਇਹ ਕਾਨੂੰਨ ਸਿਰਫ਼ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਰਹਿਣਾ, ਸਗੋਂ ਮੁਲਕ ਦੇ ਸਾਰੇ ਕਿਰਤੀ ਲੋਕਾਂ ਨੂੰ ਇਸ ਦੀ ਮਾਰ ਹੇਠ ਲਿਆਂਦਾ ਜਾਵੇਗਾ। ‘ਯੂਨੀਵਰਸਿਟੀਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਜਿਸ ਤਰ੍ਹਾਂ ਵਹਿਸ਼ੀਆਨਾ ਹਮਲਾ ਕੀਤਾ ਗਿਆ ਹੈ, ਉਹ ਇਹ ਗੱਲ ਸਾਫ਼ ਕਰ ਦਿੰਦਾ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਅਸਲੀਅਤ ਲੋਕਾਂ ਨੂੰ ਫ਼ਿਰਕੂ ਆਧਾਰ ‘ਤੇ ਵੰਡਣ ਦਾ ਕੋਝਾ ਇਰਾਦਾ ਹੈ।’ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦਾ ਨਿਸ਼ਾਨਾ ਲੈ ਕੇ ਚੱਲ ਰਹੀ ਭਾਜਪਾ ਲੰਮੇ ਸਮੇਂ ਤੱਕ ਇਸ ਰਾਹੀਂ ਸਿਆਸੀ ਰੋਟੀਆਂ ਸੇਕਣ ਦਾ ਇਰਾਦਾ ਰਖਦੀ ਹੈ।
ਜੇਐੱਨਯੂ ਦੇ ਵਿਦਿਆਰਥੀਆਂ ਨੂੰ ਵੀ ਦਿੱਤੀ ਹਮਾਇਤ : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕੁਝ ਕਾਰਕੁਨ ਜਵਹਾਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਹਮਾਇਤ ਦਿੱਤੀ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀ ਨੀਤੀ ਦੀ ਨਿੰਦਾ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ‘ਚ ਵੀ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ (ਟਸਕਾਲੀ) ਦੇ ਆਗੂ 19 ਜਨਵਰੀ ਨੂੰ ਸ਼ਾਹੀਨ ਬਾਗ਼ ਆ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕਰਨਗੇ।

RELATED ARTICLES
POPULAR POSTS