Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ- ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ (ਰਾਖਵੀਂ), ਉੱਤਰ ਪ੍ਰਦੇਸ਼ ਦੇ 9 ਅਸੈਂਬਲੀ ਹਲਕਿਆਂ ਅਤੇ ਕੇਰਲਾ ਦੀ ਇਕ ਅਸੈਂਬਲੀ ਸੀਟ (ਪਲੱਕੜ) ਲਈ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੀ ਤਰੀਕ ਬਦਲ ਕੇ 20 ਨਵੰਬਰ ਕਰ ਦਿੱਤੀ ਹੈ।
ਜ਼ਿਮਨੀ ਚੋਣਾਂ ਇਕ ਹਫਤੇ ਅੱਗੇ ਪਾਉਣ ਦਾ ਫੈਸਲਾ ਤਿਉਹਾਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੇਰਲਾ ਦੀ ਚੇਲਾਕੜਾ ਅਸੈਂਬਲੀ ਤੇ ਵਾਇਨਾਡ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣ ਪਹਿਲਾਂ ਮਿੱਥੇ ਮੁਤਾਬਕ 13 ਨਵੰਬਰ ਨੂੰ ਹੀ ਹੋਵੇਗੀ।
ਕਾਂਗਰਸ, ਭਾਜਪਾ, ਬਸਪਾ ਤੇ ਆਰਐੱਲਡੀ ਸਣੇ ਹੋਰਨਾਂ ਪਾਰਟੀਆਂ ਨੇ ਵੱਖ ਵੱਖ ਤਿਉਹਾਰਾਂ ਦੇ ਹਵਾਲੇ ਨਾਲ ਜ਼ਿਮਨੀ ਚੋਣਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਸੀ। ਪਾਰਟੀਆਂ ਨੇ ਦਾਅਵਾ ਕੀਤਾ ਸੀ ਕਿ ਤਿਉਹਾਰਾਂ ਕਰਕੇ ਵੋਟ ਫੀਸਦ ‘ਤੇ ਅਸਰ ਪੈ ਸਕਦਾ ਹੈ।
ਪੰਜਾਬ ਵਿਚ ਕਾਂਗਰਸ ਪਾਰਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 15 ਨਵੰਬਰ ਨੂੰ ਮਨਾਏ ਜਾਣ ਵਾਲੇ 555ਵੇਂ ਪ੍ਰਕਾਸ਼ ਪੁਰਬ ਦਾ ਹਵਾਲਾ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ 13 ਨਵੰਬਰ ਨੂੰ ਵੱਖ ਵੱਖ ਥਾਈਂ ‘ਅਖੰਡ ਪਾਠ’ ਰੱਖੇ ਜਾਣਗੇ। ਪਾਰਟੀ ਨੇ ਕੇਰਲਾ ਦੇ ਹਵਾਲੇ ਨਾਲ ਕਿਹਾ ਕਿ ਪਲੱਕੜ ਅਸੈਂਬਲੀ ਹਲਕੇ ਵਿਚ ਆਉਂਦੇ ਵੱਡੀ ਗਿਣਤੀ ਵੋਟਰ 13 ਤੋਂ 15 ਨਵੰਬਰ ਤੱਕ ਕਲਪਤੀ ਰਾਥੋਲਸਾਵਮ ਦਾ ਤਿਉਹਾਰ ਮਨਾਉਂਦੇ ਹਨ।
ਭਾਜਪਾ, ਬਸਪਾ ਤੇ ਰਾਸ਼ਟਰੀ ਲੋਕ ਦਲ ਨੇ ਕਿਹਾ ਸੀ ਕਿ ਯੂਪੀ ਦੇ ਲੋਕਾਂ ਨੂੰ ਕਾਰਤਿਕ ਪੂਰਨਿਮਾ, ਜੋ 15 ਨਵੰਬਰ ਨੂੰ ਮਨਾਈ ਜਾਣੀ ਹੈ, ਤੋਂ ਪਹਿਲਾਂ ਤਿੰਨ ਤੋਂ ਚਾਰ ਦਿਨ ਸਫਰ ਕਰਨਾ ਪੈਂਦਾ ਹੈ।
ਚੋਣ ਕਮਿਸ਼ਨ ਵੱਲੋਂ ਪਹਿਲਾਂ ਐਲਾਨੇ ਚੋਣ ਪ੍ਰੋਗਰਾਮ ਤਹਿਤ ਝਾਰਖੰਡ ਅਸੈਂਬਲੀ ਦੇ ਪਹਿਲੇ ਗੇੜ ਦੀਆਂ ਚੋਣਾਂ ਦੇ ਨਾਲ ਹੀ ਵਾਇਨਾਡ ਸੰਸਦੀ ਸੀਟ ਤੇ 47 ਅਸੈਂਬਲੀ ਹਲਕਿਆਂ ਦੀ ਜ਼ਿਮਨੀ ਚੋਣ 13 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।
ਪੰਜਾਬ ਦੀਆਂ ਉਪਰੋਕਤ ਚਾਰ ਸੀਟਾਂ ਤੋਂ ਇਲਾਵਾ ਯੂਪੀ ਅਸੈਂਬਲੀ ਦੀਆਂ ਜਿਨ੍ਹਾਂ 9 ਸੀਟਾਂ ‘ਤੇ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਵਿਚ ਮੀਰਾਪੁਰ, ਕੁੰਦਰਕੀ, ਗਾਜ਼ੀਆਬਾਦ, ਖ਼ੈਰ, ਕਰਹਲ, ਸੀਸ਼ਾਮਊ, ਫੂਲਪੁਰ, ਕਟੇਹੜੀ ਤੇ ਮੰਝਾਵਨ ਸ਼ਾਮਲ ਹਨ। ਉਂਝ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਪਹਿਲਾਂ ਮਿੱਥੇ ਮੁਤਾਬਕ 23 ਨਵੰਬਰ ਨੂੰ ਹੀ ਹੋਵੇਗੀ।

Check Also

ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ

50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …