9.8 C
Toronto
Tuesday, October 28, 2025
spot_img
Homeਹਫ਼ਤਾਵਾਰੀ ਫੇਰੀਧਰਤੀ ਹੇਠਲਾ ਪਾਣੀ ਪਿੰਡਾਂ ਦੇ ਲੋਕਾਂ ਦੀਆਂ ਹੱਡੀਆਂ ਨੂੰ ਲਾਉਣ ਲੱਗਾ ਖੋਰਾ

ਧਰਤੀ ਹੇਠਲਾ ਪਾਣੀ ਪਿੰਡਾਂ ਦੇ ਲੋਕਾਂ ਦੀਆਂ ਹੱਡੀਆਂ ਨੂੰ ਲਾਉਣ ਲੱਗਾ ਖੋਰਾ

ਗਰਭਵਤੀ ਔਰਤਾਂ ਤੇ ਬੱਚੇ ਬਣਨ ਲੱਗੇ ਸਭ ਤੋਂ ਵੱਧ ਨਿਸ਼ਾਨਾ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿਚ ਪਿੰਡਾਂ ਦੇ ਲੋਕਾਂ ਦੇ ਜੋੜਾਂ ਵਿਚ ਧਰਤੀ ਹੇਠਲਾ ਪਾਣੀ ਬੈਠਣ ਲੱਗਾ ਹੈ। ਗਰਭਵਤੀ ਔਰਤਾਂ ਤੇ ਬੱਚੇ ਸਭ ਤੋਂ ਵੱਧ ਨਿਸ਼ਾਨਾ ਬਣਨ ਲੱਗੇ ਹਨ। ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਦੀ ਵਧੇਰੇ ਮਾਤਰਾ ਹੱਡੀਆਂ ਨੂੰ ਖੋਰਾ ਲਾ ਰਹੀ ਹੈ। ਪੰਜਾਬ ਵਿਚ ਅਜਿਹੇ 411 ਪਿੰਡ ਸ਼ਨਾਖ਼ਤ ਕੀਤੇ ਗਏ ਹਨ, ਜਿਨ੍ਹਾਂ ਵਿਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ।
ਫਲੋਰੋਸਿਸ ਦੇ ਕੰਟਰੋਲ ਤੇ ਰੋਕਥਾਮ ਦੇ ਕੇਂਦਰੀ ਪ੍ਰੋਗਰਾਮ ਤਹਿਤ ਜੋ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਅਤੇ ਫ਼ਿਰੋਜ਼ਪੁਰ ਵਿਚ ਸਰਵੇਖਣ ਕੀਤਾ ਗਿਆ ਹੈ, ਉਸ ਦੇ ਤੱਥ ਚਿੰਤਾ ਪੈਦਾ ਕਰਦੇ ਹਨ। ਇਵੇਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਅਧਿਐਨ ਨੇ ਇਸ਼ਾਰਾ ਕੀਤਾ ਹੈ ਕਿ ਪੇਂਡੂ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਵਿਚ ਫਲੋਰਾਈਡ ਦੀ ਵੱਧ ਮਾਤਰਾ ਗਰਭਵਤੀ ਔਰਤਾਂ ਵਿਚ ਖ਼ੂਨ ਦੀ ਕਮੀ ਦਾ ਕਾਰਨ ਬਣ ਰਹੀ ਹੈ।ਕੇਂਦਰੀ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਪੰਜਾਬ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸੰਗਰੂਰ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ 897 ਸਕੂਲਾਂ ਦਾ ਸਰਵੇਖਣ ਕੀਤਾ ਗਿਆ ਹੈ ਤੇ 4216 ਦਾ ਕਮਿਊਨਿਟੀ ਸਰਵੇਖਣ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਸਕੂਲੀ ਬੱਚਿਆਂ ਤੇ ਵੱਡੀ ਉਮਰ ਦੇ ਲੋਕਾਂ ਦੇ ਪਿਸ਼ਾਬ ਦੇ 6063 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 4243 ਨਮੂਨਿਆਂ ਵਿਚ ਫਲੋਰਾਈਡ ਦੀ ਵਧੇਰੇ ਮਾਤਰਾ ਪਾਈ ਗਈ ਹੈ, ਜੋ ਕਰੀਬ 70 ਫ਼ੀਸਦੀ ਬਣਦੀ ਹੈ। ਦੋਵਾਂ ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ਦੇ 3554 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 653 ਨਮੂਨਿਆਂ ਵਿਚ ਫਲੋਰਾਈਡ ਜ਼ਿਆਦਾ ਪਾਇਆ ਗਿਆ। ਵੇਰਵਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ 768 ਸਕੂਲਾਂ ਤੇ ਲੋਕਾਂ ਦੇ ਪਿਸ਼ਾਬ ਦੇ 3445 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 2609 ਵਿਚ ਜ਼ਿਆਦਾ ਫਲੋਰਾਈਡ ਪਾਇਆ ਗਿਆ ਤੇ ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ 129 ਸਕੂਲਾਂ ਅਤੇ ਲੋਕਾਂ ਦੇ ਪਿਸ਼ਾਬ ਦੇ 2618 ਨਮੂਨਿਆਂ ਵਿਚੋਂ 1634 ਨਮੂਨੇ ਫਲੋਰਾਈਡ ਤੋਂ ਵਧੇਰੇ ਪ੍ਰਭਾਵਿਤ ਪਾਏ ਗਏ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਨੇ 18 ਅਕਤੂਬਰ ਨੂੰ ਜਾਗਰੂਕਤਾ ਮੁਹਿੰਮ ਤੇ ਸਿਖਲਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੇਂਦਰੀ ਪ੍ਰੋਗਰਾਮ ਤਹਿਤ ਜ਼ਿਲ੍ਹਾ ਸੰਗਰੂਰ ਤੇ ਫ਼ਿਰੋਜ਼ਪੁਰ ਵਿਚ ਕੇਂਦਰੀ ਸੈੱਲ ਕਾਇਮ ਕੀਤੇ ਹਨ, ਜਿਨ੍ਹਾਂ ਵਿਚ ਸਲਾਹਕਾਰ ਤੇ ਲੈਬ ਤਕਨੀਸ਼ੀਅਨਾਂ ਦੀ ਤਾਇਨਾਤੀ ਕੀਤੀ ਗਈ ਹੈ। ਆਦੇਸ਼ ਡੈਂਟਲ ਕਾਲਜ ਜ਼ਿਲ੍ਹਾ ਬਠਿੰਡਾ ਦੇ ਪ੍ਰਿੰਸੀਪਲ ਡਾ. ਅਮਨੀਸ਼ ਸ਼ੀਂਹ ਦਾ ਕਹਿਣਾ ਸੀ ਕਿ ਵਧੇਰੇ ਫਲੋਰਾਈਡ ਦਾ ਅਸਰ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ‘ਤੇ ਦਿਸ ਰਿਹਾ ਹੈ, ਜੋ ਧਰਤੀ ਹੇਠਲਾ ਪਾਣੀ ਪੀਂਦੇ ਹਨ। ਉਨ੍ਹਾਂ ਦੱਸਿਆ ਕਿ ਦੰਦਾਂ ‘ਤੇ ਭੱਦੇ ਨਿਸ਼ਾਨ ਤੇ ਪੀਲਾਪਣ ਵਧ ਰਿਹਾ ਹੈ। ਦੂਜੇ ਪਾਸੇ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਹੁਣ ਫਲੋਰਾਈਡ ਤੋਂ ਪ੍ਰਭਾਵਿਤ ਪਿੰਡਾਂ ‘ਤੇ ਧਿਆਨ ਕੇਂਦਰਿਤ ਕਰ ਦਿੱਤਾ ਹੈ ਤੇ ਫਲੋਰਾਈਡ ਤੋਂ ਛੁਟਕਾਰੇ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਆਰਜ਼ੀ ਹੱਲ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਆਰ.ਓ ਪਲਾਂਟ ਵੀ ਲਾਏ ਹਨ। ਜਲ ਸਪਲਾਈ ਵਿਭਾਗ ਨੇ ਹੁਣ 411 ਪ੍ਰਭਾਵਿਤ ਪਿੰਡਾਂ ਵਿਚੋਂ 204 ਪਿੰਡਾਂ ਨੂੰ ਜਲ ਸਪਲਾਈ ਸਕੀਮਾਂ ਤਹਿਤ ਕਵਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। 66 ਪਿੰਡਾਂ ਵਿਚ ਡੂੰਘੇ ਟਿਊਬਵੈੱਲ ਕਰਕੇ ਪਾਣੀ ਦੀ ਸਪਲਾਈ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਬਿਨਾਂ 152 ਪਿੰਡਾਂ ਵਿਚ ਆਰ.ਓ ਪਲਾਂਟ ਲਾ ਕੇ ਆਰਜ਼ੀ ਇੰਤਜ਼ਾਮ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ 411 ਪਿੰਡਾਂ ਵਿਚ ਫਲੋਰਾਈਡ ਵਧੇਰੇ ਹਨ, ਉਨ੍ਹਾਂ ਪਿੰਡਾਂ ਦੇ ਕਿਸੇ ਵੀ ਵਿਅਕਤੀ ਦੇ ਦੰਦ ਚਿੱਟੇ ਨਹੀਂ ਦਿਖਦੇ ਤੇ ਲੋਕ ਜੋੜਾਂ ਦੇ ਦਰਦ ਤੋਂ ਵੀ ਪੀੜਤ ਹਨ।
ਜਾਗਰੂਕਤਾ ਮੁਹਿੰਮ ਜਾਰੀ: ਡਾਇਰੈਕਟਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ (ਜਲ ਕੁਆਲਿਟੀ) ਦੀ ਡਾਇਰੈਕਟਰ ਵੀਨਾਕਸ਼ੀ ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬ ਦੇ 411 ਪਿੰਡਾਂ ਵਿਚ ਪ੍ਰਤੀ ਲਿਟਰ ਪਿੱਛੇ ਫਲੋਰਾਈਡ ਦੀ ਮਾਤਰਾ 1.5 ਮਿਲੀਗ੍ਰਾਮ ਤੋਂ ਜ਼ਿਆਦਾ ਪਾਈ ਗਈ ਹੈ। ਸਭ ਤੋਂ ਪ੍ਰਭਾਵਿਤ ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਹਨ, ਜਿਨ੍ਹਾਂ ਵਿਚ ਨਵੀਆਂ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਤੇ ਫ਼ਿਰੋਜ਼ਪੁਰ ਵਿਚ ਕੇਂਦਰੀ ਸਕੀਮ ਤਹਿਤ ਪ੍ਰੋਜੈਕਟ ਚੱਲ ਰਿਹਾ ਹੈ ਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS