Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੀ ਸੰਸਦ ਵਿਚ ਦਾਖਲ ਹੋਣ ਲਈ 50 ਪੰਜਾਬੀ ਉਮੀਦਵਾਰ ਚੋਣ ਪਿੜ ਵਿਚ ਨਿੱਤਰੇ

ਕੈਨੇਡਾ ਦੀ ਸੰਸਦ ਵਿਚ ਦਾਖਲ ਹੋਣ ਲਈ 50 ਪੰਜਾਬੀ ਉਮੀਦਵਾਰ ਚੋਣ ਪਿੜ ਵਿਚ ਨਿੱਤਰੇ

ਪੰਜਾਬੀ ਮੂਲ ਦੀਆਂ 18 ਬੀਬੀਆਂ ਵੀ ਲੜ ਰਹੀਆਂ ਫੈਡਰਲ ਚੋਣ
ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ‘ਚ ਭਾਵੇਂ ਅਜੇ ਇਕ ਮਹੀਨਾ ਬਾਕੀ ਰਹਿੰਦਾ ਹੈ ਪਰ ਮੌਸਮ ਠੰਢਾ ਹੋਣ ਦੇ ਬਾਵਜੂਦ ਵੀ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਉਮੀਦਵਾਰਾਂ ਵਲੋਂ ਦਿਨ-ਰਾਤ ਇਕ ਕਰਕੇ ਸੰਸਦ ‘ਚ ਪਹੁੰਚਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕੁੱਲ 338 ਮੈਂਬਰੀ ਸੰਸਦ ਵਾਸਤੇ ਵੋਟਾਂ 21 ਅਕਤੂਬਰ ਦਿਨ ਸੋਮਵਾਰ ਨੂੰ ਪੈਣਗੀਆਂ ਤੇ ਦੇਰ ਰਾਤ ਤੱਕ ਸਾਰੇ ਨਤੀਜੇ ਐਲਾਨ ਦਿੱਤੇ ਜਾਣਗੇ। ਇਨ੍ਹਾਂ ਚੋਣਾਂ ‘ਚ ਇਸ ਵਾਰ 18 ਪੰਜਾਬਣਾਂ ਸਮੇਤ 50 ਪੰਜਾਬੀ ਸੰਸਦ ਮੈਂਬਰ ਬਣਨ ਲਈ ਆਪਣੀ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ ‘ਚ ਡਾਕਟਰ, ਵਕੀਲ ਤੇ ਪੱਤਰਕਾਰ ਸ਼ਾਮਿਲ ਹਨ। ਕੈਨੇਡਾ ਦੀ 42ਵੀਂ ਸੰਸਦ ‘ਚ ਪੰਜਾਬੀ ਮੂਲ ਦੇ 18 ਸੰਸਦ ਮੈਂਬਰ ਸਨ, ਜਿਨ੍ਹਾਂ ‘ਚੋਂ ਦਰਸ਼ਨ ਸਿੰਘ ਕੰਗ ਤੇ ਰਾਜ ਗਰੇਵਾਲ ਇਸ ਵਾਰ ਚੋਣ ਨਹੀਂ ਲੜ ਰਹੇ ਤੇ ਦੀਪਕ ਉਬਰਾਏ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਪੰਜਾਬ ਦੇ ਕਈ ਚੋਟੀ ਦੇ ਸਿਆਸੀ ਆਗੂ ਕੈਨੇਡਾ ਰਹਿੰਦੇ ਆਪਣੇ ਚਹੇਤਿਆਂ ਨੂੰ ਮਨਪਸੰਦ ਉਮੀਦਵਾਰਾਂ ਦੀ ਮਦਦ ਕਰਨ ਵਾਸਤੇ ਕਹਿ ਰਹੇ ਹਨ। ਕੁਝ ਉਮੀਦਵਾਰਾਂ ਦੇ ਨਜ਼ਦੀਕੀ ਚੋਣ ਪ੍ਰਚਾਰ ਕਰਨ ਵਾਸਤੇ ਅਮਰੀਕਾ, ਇੰਗਲੈਂਡ ਤੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਕੈਨੇਡਾ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਸਰਵੇਟਿਵ ਆਗੂ ਐਂਡਰਿਊ ਸ਼ੀਅਰ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਗਰੀਨ ਪਾਰਟੀ ਦੀ ਆਗੂ ਅਲਿਜ਼ਾਬੈਥ ਮੇਅ, ਬਲੌਕ ਕਿਊਬਕ ਦੇ ਵੇਅਸ ਫਰਾਂਸਿਕ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ, ਪੰਜਾਬੀ ਮੂਲ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਤੇ ਅਮਰਜੀਤ ਸਿੰਘ ਸੋਹੀ ਆਪੋ-ਆਪਣੇ ਹਲਕਿਆਂ ਤੋਂ ਦੁਬਾਰਾ ਚੋਣ ਲੜ ਰਹੇ ਹਨ। ਅਮਰਜੀਤ ਸਿੰਘ ਸੋਹੀ ਦਾ ਮੁਕਾਬਲਾ ਸਾਬਕਾ ਰਾਜ ਮੰਤਰੀ ਟਿੰਮ ਉੱਪਲ ਨਾਲ ਹੋਵੇਗਾ। ਕੈਨੇਡਾ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਉਮੀਦਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜ ਰਿਹਾ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਮੁੱਖ ਮੁਕਾਬਲਾ ਲਿਬਰਲ ਤੇ ਕੰਸਰਵੇਟਿਵ ਪਾਰਟੀ ਦਰਮਿਆਨ ਹੀ ਹੋਵੇਗਾ। ਕੈਨੇਡਾ ‘ਚ ਪੰਜਾਬੀਆਂ ਦਾ ਗੜ ਸਮਝੇ ਜਾਂਦੇ ਸਰੀ, ਬਰੈਂਪਟਨ ਤੇ ਕੈਲਗਰੀ ਸ਼ਹਿਰਾਂ ਦੇ 4 ਅਜਿਹੇ ਸੰਸਦੀ ਹਲਕੇ ਹਨ, ਜਿਥੇ ਪੰਜਾਬੀ ਉਮੀਦਵਾਰਾਂ ਵਿਚਕਾਰ ਚਹੁੰਕੋਣਾ ਮੁਕਾਬਲਾ ਹੋਵੇਗਾ ਜਦਕਿ 3 ਹਲਕਿਆਂ ‘ਚ ਤਿਕੋਣਾ ਮੁਕਾਬਲਾ ਹੋਵੇਗਾ। ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਲਿਬਰਲ ਪਾਰਟੀ ਦੀ ਟਿਕਟ ‘ਤੇ ਦੂਸਰੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਕੰਸਰਵੇਟਿਵ ਪਾਰਟੀ ਵਲੋਂ ਰਮਨਦੀਪ ਸਿੰਘ ਬਰਾੜ, ਐਨ. ਡੀ. ਪੀ. ਵਲੋਂ ਮਨਦੀਪ ਕੌਰ ਤੇ ਪੀਪਲਜ਼ ਪਾਰਟੀ ਵਲੋਂ ਰਾਜਵਿੰਦਰ ਘੁੰਮਣ ਉਮੀਦਵਾਰ ਹਨ। ਬਰੈਂਪਟਨ ਈਸਟ ਹਲਕੇ ਤੋਂ ਲਿਬਰਲ ਪਾਰਟੀ ਵਲੋਂ ਨੌਜਵਾਨ ਨੇਤਾ ਮਨਿੰਦਰ ਸਿੱਧੂ, ਕੰਸਰਵੇਟਿਵ ਪਾਰਟੀ ਵਲੋਂ ਬੀਬੀ ਰਮੋਨਾ ਸਿੰਘ, ਐਨ. ਡੀ. ਪੀ. ਵਲੋਂ ਸ਼ਰਨਜੀਤ ਸਿੰਘ ਅਤੇ ਪੀਪਲਜ਼ ਪਾਰਟੀ ਵਲੋਂ ਗੌਰਵ ਵਾਲੀਆ ਸੰਸਦ ਦੀ ਪੌੜੀ ਚੜਨ ਲਈ ਪੂਰੀ ਵਾਹ ਲਾ ਰਹੇ ਹਨ। ਕੈਲਗਰੀ-ਸਕਾਈਵਿਊ ਸੰਸਦੀ ਹਲਕੇ ਤੋਂ ਉੱਘੀ ਪੱਤਰਕਾਰ ਤੇ ਲਿਬਰਲ ਉਮੀਦਵਾਰ ਨਿਰਮਲਾ ਨਾਇਡੂ, ਕੰਸਰਵੇਟਿਵ ਪਾਰਟੀ ਦੀ ਜਗਦੀਪ ਕੌਰ ਸਹੋਤਾ, ਐਨ. ਡੀ. ਪੀ. ਦੇ ਗੁਰਿੰਦਰ ਸਿੰਘ ਤੇ ਪੀਪਲਜ਼ ਪਾਰਟੀ ਦੇ ਹੈਰੀ ਢਿੱਲੋਂ ਆਪਣੀ ਕਿਸਮ ਅਜ਼ਮਾ ਰਹੇ ਹਨ। ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ, ਉੱਘੇ ਰੇਡੀਓ ਹੋਸਟ ਤੇ ਐਨ. ਡੀ. ਪੀ. ਉਮੀਦਵਾਰ ਹਰਜੀਤ ਸਿੰਘ ਗਿੱਲ ਅਤੇ ਨਾਮਵਰ ਟੀ. ਵੀ. ਹੋਸਟ ਕੰਸਰਵੇਟਿਵ ਉਮੀਦਵਾਰ ਹਰਪ੍ਰੀਤ ਸਿੰਘ ਵਿਚਕਾਰ ਕਾਂਟੇ ਦੀ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ। ਬਰੈਂਪਟਨ ਸੈਂਟਰ ਹਲਕੇ ਤੋਂ ਲਿਬਰਲ ਉਮੀਦਵਾਰ ਰਮੇਸ਼ ਸੰਘਾ, ਕੰਸਰਵੇਟਿਵ ਪਾਰਟੀ ਦੀ ਪਵਨਦੀਪ ਕੌਰ ਗੋਸਲ ਤੇ ਪੀਪਲਜ਼ ਪਾਰਟੀ ਦੇ ਬਲਜੀਤ ਸਿੰਘ ਬਾਵਾ ਵਿਚਕਾਰ ਮੁਕਾਬਲਾ ਹੋਵੇਗਾ। ਇਨ੍ਹਾਂ ਚੋਣਾਂ ‘ਚ ਲਿਬਰਲ ਪਾਰਟੀ ਨੇ 20, ਕੰਸਰਵੇਟਿਵ 16, ਐਨ. ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ, ਜਿਨਾਂ ‘ਚੋਂ 50 ਪੰਜਾਬੀ, ਬੀਬੀ ਨਿਰਮਲਾ ਨਾਇਊ ਆਂਧਰਾ ਪ੍ਰਦੇਸ਼ ਅਤੇ ਜਿਗਰ ਪਟੇਲ ਗੁਜਰਾਤ ਤੋਂ ਹਨ। ਬਰੈਂਪਟਨ ਵੈਸਟ ਤੋਂ ਲਿਬਰਲ ਉਮੀਦਵਾਰ ਕਮਲ ਖਹਿਰਾ ਤੇ ਐਨ. ਡੀ. ਪੀ. ਦੀ ਨਵਜੀਤ ਕੌਰ ਬਰਾੜ ਵਿਚਕਾਰ ਮੁਕਾਬਲਾ ਹੋਵੇਗਾ। ਉੱਤਰੀ ਬਰੈਂਪਟਨ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਤੇ ਕੰਸਰਵੇਟਿਵ ਦੇ ਅਰਪਨ ਖੰਨਾ ਚੋਣ ਜਿੱਤਣ ਲਹੀ ਤੂਫਾਨੀ ਦੌਰੇ ਕਰ ਰਹੇ ਹਨ। ਸਰੀ ਸੈਂਟਰ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ, ਕੰਸਰਵੇਟਿਵ ਪਾਰਟੀ ਦੀ ਟੀਨਾ ਬੈਂਸ, ਐਨ. ਡੀ. ਪੀ. ਦੇ ਸੁਰਜੀਤ ਸਿੰਘ ਸਰਾਂ ਤੇ ਪੀਪਲਜ਼ ਪਾਰਟੀ ਦੇ ਜਸਵਿੰਦਰ ਸਿੰਘ ਦਿਲਾਵਰੀ ਵਿਚਕਾਰ ਚਹੁੰ ਕੋਣਾ ਮੁਕਾਬਲਾ ਹੋਵੇਗਾ। ਲਿਬਰਲ ਉਮੀਦਵਾਰ ਡਾ: ਜੱਗ ਆਨੰਦ ਕੈਲਗਰੀ ਫੌਰੈਸਟ, ਅਨੀਤਾ ਆਨੰਦ ਓਕਵਿਲ, ਦੇਵ ਵਿਰਦੀ ਸਕੀਨਾ ਵੈਲੀ, ਨੀਲਮ ਕੌਰ ਬਰਾੜ ਉੱਤਰੀ ਬਰਨਬੀ, ਬਰਦੀਸ਼ ਚੱਗੜ ਵਾਟਰਲੂ, ਅੰਜੂ ਢਿੱਲੋਂ ਲਾਸਾਲ, ਰਾਜ ਸੈਣੀ ਕਿਚਨਰ, ਜਤੀ ਸਿੱਧੂ ਮਿਸਨ-ਮਾਸਕੀ, ਫਰੇਜ਼ਰ ਕੈਨਲ ਤੋਂ ਗਗਨ ਸਿਕੰਦ, ਮਿਸੀਮਾਰਾ-ਸਟਰੀਟਵੈਲ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ ਜਦਕਿ ਕੰਸਰਵੇਟਿਵ ਪਾਰਟੀ ਦੇ ਸਨੀ ਅਟਵਾਲ ਕੈਂਬਰਿਜ, ਸੰਜੇ ਭਾਟੀਆ ਡੇਵਨਪੋਰਟ, ਨਿੱਕੀ ਕੌਰ ਪੂਰਬੀ ਹੈਮਿਲਟਨ, ਸਰਬਜੀਤ ਕੌਰ ਉੱਤਰੀ ਈਟੋਬੀਕੋ, ਡਾ. ਸ਼ਿੰਦਰ ਪੁਰੇਵਾਲ ਫਲੀਟਵੁੱਡ-ਪੋਰਟਕੈਲਜ, ਬੌਬ ਸਰੋਆ ਮਾਰਖਮ, ਜਸਰਾਜ ਸਿੰਘ ਹੱਲਣ ਕੈਲਗਰੀ ਲਾਅਨ ਤੇ ਬੌਬੀ ਸਿੰਘ ਸਕਾਰਬਰੋ ਆਪਣੀ ਕਿਸਮ ਅਜ਼ਮਾ ਰਹੇ ਹਨ। ਐਨ. ਡੀ. ਪੀ. ਪਾਰਟੀ ਵਲੋਂ ਹਰਵਿੰਦਰ ਕੌਰ ਸੰਧੂ ਓਕਾਨਾਗਨ-ਸੂਸਪ, ਜਿਗਰ ਪਟੇਲ ਰੀਜਾਈਨਾ, ਸਬੀਨਾ ਸਿੰਘ ਸੈਨਿਚ ਤੇ ਗੁਰਚਰਨ ਸਿੰਘ ਸਿੱਧੂ ਕੈਲਗਰੀ ਤੋਂ ਸੰਸਦ ਮੈਂਬਰ ਬਣਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਹ ਤਾਂ 21 ਅਕਤੂਬਰ ਨੂੰ ਹੀ ਪਤਾ ਚੱਲੇਗਾ ਕਿ ਜਿੱਤ ਦਾ ਤਾਜ ਕਿਸ ਉਮੀਦਵਾਰ ਦੇ ਸਿਰ ਸਜਦਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …