ਜਲੰਧਰ : ਪੰਜਾਬ ਦੇ ਨੌਜਵਾਨ ਅਤੇ ਖਾਸ ਕਰਕੇ ਵਿਦਿਆਰਥੀ ਕੈਨੇਡਾ ‘ਚ 21 ਅਕਤੂਬਰ ਨੂੰ ਹੋ ਰਹੀਆਂ 43ਵੀਆਂ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੁੜ ਸੱਤਾ ਵਿਚ ਦੇਖਣ ਲਈ ਅਰਦਾਸਾਂ ਕਰ ਰਹੇ ਹਨ। ਆਈਲੈਟਸ ਸੈਂਟਰਾਂ ਵਿਚ ਪੜ੍ਹਨ ਆਏ ਵਿਦਿਆਰਥੀ ਜਿਹੜੇ ਕੈਨੇਡਾ ਨੂੰ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ, ਉਹ ਜਸਟਿਨ ਟਰੂਡੋ ਨੂੰ ਮੁੜ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠਿਆ ਦੇਖਣਾ ਚਾਹੁੰਦੇ ਹਨ ਜਿਨ੍ਹਾਂ ਨੇ ਦੁਨੀਆਂ ਭਰ ਦੇ ਨੌਜਵਾਨਾਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹੇ ਹਨ। ਮੁਕੇਰੀਆਂ ਦੇ ਹਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਅਕਤੂਬਰ ‘ਚ ਵੀਜ਼ਾ ਲੈਣ ਲਈ ਅਪਲਾਈ ਕਰਨਾ ਹੈ। ਉਸ ਦੇ ਆਈਲੈਟਸ ਵਿੱਚੋਂ 6.5 ਬੈਂਡ ਆਏ ਹਨ। ਉਸ ਦੀ ਇੱਛਾ ਹੈ ਕਿ ਉਸ ਦਾ ਵੀਜ਼ਾ ਟਰੂਡੋ ਦੀ ਸਰਕਾਰ ਰਹਿੰਦਿਆਂ ਹੀ ਲੱਗ ਜਾਵੇ। ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਕੈਨੇਡਾ ‘ਚ ਚੋਣਾਂ ਦਾ ਐਲਾਨ ਹੋਇਆ ਹੈ ਉਹ ਉਸੇ ਦਿਨ ਤੋਂ ਹੀ ਇਹ ਅਰਦਾਸ ਕਰਦਾ ਆ ਰਿਹਾ ਹੈ ਕਿ ਫਿਰ ਤੋਂ ਟਰੂਡੋ ਪ੍ਰਧਾਨ ਮੰਤਰੀ ਬਣ ਜਾਣ ਕਿਉਂਕਿ ਉਹ ਪੰਜਾਬੀਆਂ ਪ੍ਰਤੀ ਕਾਫੀ ਨਰਮ ਰਵੱਈਆ ਰੱਖਦੇ ਹਨ। ਜਲੰਧਰ ਦੇ ਹੀ ਗੜ੍ਹਾ ਰੋਡ ‘ਤੇ ਬਣੇ ਆਈਲੈਟਸ ਕੇਂਦਰਾਂ ਵਿਚ ਪੜ੍ਹਦੀਆਂ ਦਵਿੰਦਰ ਕੌਰ ਤੇ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਤੱਲ੍ਹਣ ਸਾਹਿਬ ‘ਚ ਪਾਠ ਰਖਾਉਣ ਦੀ ਤਰੀਕ ਮੰਗੀ ਸੀ ਪਰ ਪ੍ਰਬੰਧਕਾਂ ਨੇ ਕਿਹਾ ਕਿ ਤਿੰਨ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਾਠ ਦੀ ਵਾਰੀ ਆ ਸਕਦੀ ਹੈ। ਇਹ ਪਾਠ ਉਨ੍ਹਾਂ ਨੇ ਕੈਨੇਡਾ ‘ਚ ਟਰੂਡੋ ਦੀ ਮੁੜ ਵਾਪਸੀ ਲਈ ਕਰਵਾਉਣਾ ਹੈ।
ਜਲੰਧਰ ਬੱਸ ਅੱਡੇ ਦੇ ਆਲੇ-ਦੁਆਲੇ ਬਣੇ ਆਈਲੈਟਸ ਕੇਂਦਰਾਂ ਵਿੱਚ ਪੜ੍ਹਨ ਆਏ ਹੋਰ ਨੌਜਵਾਨਾਂ ਦਾ ਕਹਿਣਾ ਸੀ ਕਿ ਜੇਕਰ ਉੱਥੇ ਜਗਮੀਤ ਸਿੰਘ ਦੀ ਪਾਰਟੀ ਜਿੱਤਦੀ ਹੈ ਤਾਂ ਉਨ੍ਹਾਂ ਨੂੰ ਡਰ ਹੈ ਕਿ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਸਖਤੀ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਵਿਦੇਸ਼ਾਂ ਨੂੰ ਜਾਣ ਵਾਲੇ ਪੰਜਾਬੀ ਹਰ ਸਾਲ 27 ਹਜ਼ਾਰ ਕਰੋੜ ਰੁਪਏ ਖਰਚ ਰਹੇ ਹਨ।
Home / ਹਫ਼ਤਾਵਾਰੀ ਫੇਰੀ / ਸਟੱਡੀ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਪੰਜਾਬ ਦੇ ਨੌਜਵਾਨ ਟਰੂਡੋ ਦੀ ਜਿੱਤ ਲਈ ਕਰਨ ਲੱਗੇ ਅਰਦਾਸਾਂ
Check Also
ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …