16.8 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਕਿਸਾਨੀ ਸੰਘਰਸ਼ ਨੇ ਰਿਲਾਇੰਸ ਡੀਲਰਾਂ ਨੂੰ ਪਾਇਆ ਵਖਤ

ਕਿਸਾਨੀ ਸੰਘਰਸ਼ ਨੇ ਰਿਲਾਇੰਸ ਡੀਲਰਾਂ ਨੂੰ ਪਾਇਆ ਵਖਤ

ਪੰਪ ਮਾਲਕਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੀ ਹਮਾਇਤ ਦੇ ਬੈਨਰ ਪੈਟਰੋਲ ਪੰਪਾਂ ਸਾਹਮਣੇ ਲਾਏ
ਲੁਧਿਆਣਾ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤੋਂ ਭਾਵੇਂ ਕੇਂਦਰ ਸਰਕਾਰ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋਈ ਹੈ, ਪਰ ਇਸ ਘੋਲ ਨੇ ਰਿਲਾਇੰਸ ਡੀਲਰਾਂ ਦੇ ਪੈਰ ਜ਼ਰੂਰ ਉਖਾੜ ਦਿੱਤੇ ਹਨ। ਲੁਧਿਆਣਾ ਦੇ ਨੂਰਪੁਰਾ ਪਿੰਡ ਲਾਗੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਮਾਲਕਾਂ ਨੇ ਪੰਪ ਤਾਂ ਖ਼ੁਦ ਹੀ ਬੰਦ ਕਰ ਦਿੱਤਾ ਸੀ ਪਰ ਹੁਣ ਉਹ ਕਿਸਾਨਾਂ ਦੇ ਰੋਸ ਵਿੱਚ ਵੀ ਸ਼ਾਮਲ ਹੋ ਗਏ ਹਨ। ਰਾਏਕੋਟ ਫਿਲਿੰਗ ਸਟੇਸ਼ਨ ਦੇ ਮਾਲਕ ਰਮਨ ਗੋਇਲ ਨੇ ਤੇਲ ਪਾਉਣ ਵਾਲੀਆਂ ਮਸ਼ੀਨਾਂ ਤਾਂ ਪਹਿਲੇ ਦਿਨ ਤੋਂ ਹੀ ਤਿਰਪਾਲਾਂ ਪਾ ਕੇ ਢੱਕ ਦਿੱਤੀਆਂ ਸਨ, ਪਰ ਹੁਣ ਉਨ੍ਹਾਂ ਕਾਲੇ ਝੰਡੇ ਵਾਲਾ ਬੈਨਰ ਵੀ ਪੰਪ ਦੇ ਬਾਹਰ ਇਹ ਲਿਖ ਕੇ ਟੰਗ ਦਿੱਤਾ ਹੈ, ‘ਅਸੀਂ ਕਿਸਾਨ ਵਿਰੋਧੀ ਐਕਟ ਦਾ ਵਿਰੋਧ ਕਰਦੇ ਹਾਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਾਂ।’ ਨੂਰਪੁਰਾ ਲਾਗੇ ਰਿਲਾਇੰਸ ਦੇ ਪੈਟਰੋਲ ਪੰਪ ਦੇ ਮਾਲਕ ਰਮਨ ਗੋਇਲ ਨੇ ਦੱਸਿਆ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਤਾਂ ਆਪਣੀ ਕਾਰ ਵਿੱਚ ਵੀ ਕਿਸੇ ਹੋਰ ਪੰਪ ਤੋਂ ਤੇਲ ਪਵਾ ਰਿਹਾ ਹੈ। ਉੱਧਰ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਰੋਹਨ ਰਾਜਦੀਪ ਦਾ ਟੌਲ ਪਲਾਜ਼ਾ ਕਿਸਾਨਾਂ ਨੇ ਬੰਦ ਕਰ ਰੱਖਿਆ ਸੀ ਅਤੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਪਰ ਵੀ ਚੌਕੀਮਾਨ ਨੇੜੇ ਟੌਲ ਪਲਾਜ਼ਾ ਖੋਲ੍ਹਣ ਨਹੀਂ ਦਿੱਤਾ ਗਿਆ। ਦਿਨ-ਰਾਤ ਚੱਲ ਰਹੇ ਧਰਨਿਆਂ ਕਾਰਨ ਆਉਣ ਜਾਣ ਵਾਲੀਆਂ ਗੱਡੀਆਂ ਬਿਨਾ ਅਦਾਇਗੀ ਕੀਤੇ ਹੀ ਲੰਘ ਰਹੀਆਂ ਹਨ। ਰਿਲਾਇੰਸ ਪੰਪ ਸਾਹਮਣੇ ਕਿਸਾਨ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਸੰਬੋਧਨ ਕੀਤਾ ਜਦਕਿ ਦੋਵੇਂ ਮੁੱਖ ਟੌਲ ਪਲਾਜ਼ਿਆਂ ਉੱਪਰ ਧਰਨਾਕਾਰੀ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਤੋਂ ਇਲਾਵਾ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਪੰਚਾਇਤੀ ਨੁਮਾਇੰਦਿਆਂ ਨੇ ਵੀ ਸੰਬੋਧਨ ਕੀਤਾ। ਧਰਨਾਕਾਰੀ ਕਿਸਾਨਾਂ ਲਈ ਚਾਹ-ਪਾਣੀ ਅਤੇ ਖਾਣ-ਪੀਣ ਦੇ ਲੰਗਰ ਵੀ ਲਗਾਤਾਰ ਚੱਲ ਰਹੇ ਹਨ।

RELATED ARTICLES
POPULAR POSTS