2.6 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਕਿਸਾਨ ਅੰਦੋਲਨ : ਦਿੱਲੀ ਚਲੋ ਮਿਸ਼ਨ ਨੇ ਫਿਰ ਫੜੀ ਰਫ਼ਤਾਰ

ਕਿਸਾਨ ਅੰਦੋਲਨ : ਦਿੱਲੀ ਚਲੋ ਮਿਸ਼ਨ ਨੇ ਫਿਰ ਫੜੀ ਰਫ਼ਤਾਰ

ਦਿੱਲੀ ਮੋਰਚੇ ਲਈ ਕਿਸਾਨਾਂ ਨੇ ਫਿਰ ਘੱਤੀਆਂ ਵਹੀਰਾਂ
ਖੇਤੀ ਕਾਨੂੰਨਾਂ ਖਿਲਾਫ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ ਟਿਕਰੀ-ਕੁੰਡਲੀ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਤਿੰਨ ਵਿਵਾਦਤ ਖੇਤੀ ਕਾਨੂੰਨ ਲਿਆਂਦੇ ਸਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਸਮੇਤ ਪੂਰੇ ਭਾਰਤ ਵਿਚ ਕਿਸਾਨਾਂ ਵਲੋਂ ਸੰਘਰਸ ਕੀਤਾ ਜਾ ਰਿਹਾ ਹੈ। ਦਿੱਲੀ ਦੇ ਸਿੰਘੂ, ਟਿੱਕਰੀ, ਕੁੰਡਲੀ ਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਵਲੋਂ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿਚ ਕਣਕ ਦੀ ਵਾਢੀ ਦਾ ਕੰਮ ਨਿਬੜਨ ਦੇ ਨੇੜੇ ਹੈ ਅਤੇ ਕਿਸਾਨਾਂ ਨੇ ਫਿਰ ਦਿੱਲੀ ਮੋਰਚੇ ਲਈ ਵਹੀਰਾਂ ਘੱਤ ਦਿੱਤੀਆਂ ਹਨ। ਇਸਦੇ ਚੱਲਦਿਆਂ ਵੱਡੀ ਗਿਣਤੀ ਕਿਸਾਨ ਦਿੱਲੀ ਮੋਰਚੇ ਵਿਚ ਪਹੁੰਚ ਵੀ ਗਏ ਹਨ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਕੋ ਮੰਗ ਹੈ ਕਿ ਇਹ ਵਿਵਾਦਤ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਖਿਲਾਫ ਧਰਨੇ ਲਗਾਏ ਜਾ ਰਹੇ ਹਨ।
ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਖਨੌਰੀ ਵਿਖੇ ਟਰੈਕਟਰ-ਟਰਾਲੀਆਂ, ਕਾਰਾਂ-ਜੀਪਾਂ, ਬੱਸਾਂ ਤੇ ਹੋਰ ਸੈਂਕੜੇ ਵਾਹਨਾਂ ‘ਤੇ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ, ਜਿਸ ਨੂੰ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਰਵਾਨਾ ਕੀਤਾ। ਇਸ ਮੌਕੇ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨਾਂ ਦੇ ਸਿਰੜ ਅੱਗੇ ਉਨ੍ਹਾਂ ਦੀ ਇਕ ਵੀ ਚਾਲ ਸਫਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਮੋਰਚੇ ਨੂੰ ਉਠਾਉਣ ਲਈ ਸੋਚ ਸਮਝ ਕੇ ਆਵੇ। ਅਸੀਂ ਆਪਣੀ ਤਿਆਰੀ ਲਈ ਦੁਬਾਰਾ ਇਹ ਕਾਫ਼ਲੇ ਲੈ ਕੇ ਜਾ ਰਹੇ ਹਾਂ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕਰੋਨਾ ਦੀ ਆੜ ਹੇਠ ਕੇਂਦਰੀ ਹਕੂਮਤ ਦੀਆਂ ‘ਅਪ੍ਰੇਸ਼ਨ ਕਲੀਨ’ ਵਰਗੀਆਂ ਜਾਬਰ ਧਮਕੀਆਂ ਦਾ ਸ਼ਾਂਤਮਈ ‘ਅਪ੍ਰੇਸ਼ਨ ਸ਼ਕਤੀ’ ਨਾਲ ਠੋਕਵਾਂ ਜੁਆਬ ਦਿੱਤਾ ਜਾਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਬੀਬੀਆਂ ਵੀ ਵੱਡੀ ਗਿਣਤੀ ਵਿਚ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਜਾ ਰਹੀਆਂ ਹਨ।
ਵਿਦਿਆਰਥੀ ਦਿੱਲੀ ਵਿਚ : ‘ਅਪਰੇਸ਼ਨ ਕਲੀਨ’ ਦੇ ਡਰ ਮਗਰੋਂ ਪੰਜਾਬ ‘ਚੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਦਿੱਲੀ ਮੋਰਚੇ ਵਿਚ ਪੁੱਜਣ ਲੱਗ ਪਏ ਹਨ। ਕਪੂਰਥਲਾ ਦੇ ਵਿਦਿਆਰਥੀ ਸੋਨੂ ਨੇ ਦੱਸਿਆ ਕਿ ਜ਼ਿਲ੍ਹੇ ‘ਚੋਂ ਕਾਫੀ ਵਿਦਿਆਰਥੀ ਦਿੱਲੀ ਆਏ ਹਨ। ਬਠਿੰਡਾ ਦੇ ਪਿੰਡ ਸਿਰੀਏਵਾਲਾ ਦਾ ਵਿਦਿਆਰਥੀ ਹਰਮਨਜੀਤ ਸਿੰਘ ਵੀ ਸਾਥੀਆਂ ਨਾਲ ਮੋਰਚੇ ‘ਚ ਪੁੱਜਾ ਹੈ। ਇਸ ਨੂੰ ਦੇਖਦਿਆਂ ਲੱਗਦਾ ਹੈ ਕਿ ਵਿਦਿਆਰਥੀ ਵਰਗ ਵੀ ‘ਕਿਸਾਨ ਘੋਲ’ ਦਾ ਸਾਂਝੀਦਾਰ ਬਣ ਰਿਹਾ ਹੈ।
‘ਅਪਰੇਸ਼ਨ ਕਲੀਨ’ ਦੇ ਨਤੀਜੇ ਭਾਜਪਾ ਲਈ ਘਾਤਕ ਹੋਣਗੇ : ਉਗਰਾਹਾਂ : ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੇ ਭਾਜਪਾ ਸਰਕਾਰ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੋਂ ਜਬਰੀ ਉਠਾਉਣ ਲਈ ਕੋਈ ‘ਅਪਰੇਸ਼ਨ ਕਲੀਨ’ ਕਰਦੀ ਹੈ ਤਾਂ ਇਸ ਦੇ ਨਤੀਜੇ ਭਾਜਪਾ ਲਈ ਬੇਹੱਦ ਘਾਤਕ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਮੋਰਚਿਆਂ ਦੇ ਹਵਾਈ ਸਰਵੇਖਣ ਕਰਵਾਏ ਹਨ। ਉਗਰਾਹਾਂ ਨੇ ਕਿਹਾ ਕਿ ਹਾਕਮਾਂ ਨੂੰ ਭੁਲੇਖਾ ਹੈ ਕਿ ਬਾਰਡਰਾਂ ‘ਤੇ ਕਿਸਾਨਾਂ ਦੀ ਗਿਣਤੀ ਘਟ ਰਹੀ ਹੈ ਅਤੇ ਮੋਦੀ ਸਰਕਾਰ ਦੇ ਸਭ ਭੁਲੇਖੇ ਦੂਰ ਹੋ ਜਾਣਗੇ। ਉਹਨਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਕਿਸਾਨ, ਬੀਬੀਆਂ ਅਤੇ ਨੌਜਵਾਨ ਦਿੱਲੀ ਮੋਰਚਿਆਂ ਲਈ ਰਵਾਨਾ ਹੋ ਰਹੇ ਹਨ।

ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਜਿੱਤਾਂਗੇ ਦਿੱਲੀ ਮੋਰਚਾ : ਉਗਰਾਹਾਂ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਮੋਰਚਾ ਜਿਤਾਂਗੇ। ਟਿੱਕਰੀ ਬਾਰਡਰ ‘ਤੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਝੂਠੀਆਂ ਸੌਹਾਂ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਧੌਣ ‘ਤੇ ਵੀ ਗੋਡਾ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਰੋਨਾ ਦਾ ਰੌਲਾ ਪਾ ਕੇ ਕਿਸਾਨ ਮੋਰਚੇ ਨੂੰ ਖਤਮ ਕਰਨਾ ਚਾਹੁੰਦੀ ਹੈ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਪੰਜਾਬ ਵਿਚ ਕਣਕ ਦੀ ਵਾਢੀ ਦਾ ਕੰਮ ਖਤਮ ਕਰਕੇ ਕਿਸਾਨ ਹੁਣ ਦਿੱਲੀ ਮੋਰਚੇ ਵਿਚ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਇਸੇ ਦੌਰਾਨ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਜਾਣਗੇ।

 

RELATED ARTICLES
POPULAR POSTS