ਸੰਯੁਕਤ ਰਾਸ਼ਟਰ ਵੀ ਜਿਤਾ ਚੁੱਕਾ ਹੈ ਚਿੰਤਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਸੰਸਦ ਵਿਚ ਇਕ ਹਿੰਦੂ ਸੰਸਦ ਮੈਂਬਰ ਨੇ ਹਿੰਦੂ ਲੜਕੀਆਂ ਦੇ ਜਬਰਨ ਧਰਮ ਪਰਿਵਰਤਨ ਦੇ ਮੁੱਦੇ ਨੂੰ ਉਠਾਇਆ ਹੈ। ਦਾਨੇਸ਼ ਕੁਮਾਰ ਪਲਾਨੀ ਨਾਮ ਦੇ ਸੰਸਦ ਮੈਂਬਰ ਦੇ ਭਾਸ਼ਣ ਦਾ ਇਕ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਦਾਨੇਸ਼ ਨੇ ਸੰਸਦ ਵਿਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਹਿੰਦੂ ਲੜਕੀਆਂ ਦਾ ਜਬਰਨ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਇਲਾਕੇ ਦੇ ਪ੍ਰਭਾਵਸ਼ਾਲੀ ਵਿਅਕਤੀ ਸ਼ਾਮਲ ਹਨ। ਪਰ ਪਾਕਿਸਤਾਨ ਸਰਕਾਰ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਦਾਨੇਸ਼ ਕੁਮਾਰ ਨੇ ਦੇਸ਼ ਦੇ ਸੰਵਿਧਾਨ ਅਤੇ ਕੁਰਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਕਿਸੇ ਦੇ ਜਬਰਨ ਧਰਮ ਪਰਿਵਰਤਨ ਦੀ ਆਗਿਆ ਨਹੀਂ ਦਿੰਦੇ ਹਨ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਸਿੰਧ ਪ੍ਰਾਂਤ ਵਿਚ ਹਿੰਦੂ ਲੜਕੀਆਂ ਦਾ ਜਬਰਨ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੁਝ ਗਲਤ ਵਿਅਕਤੀ ਪਾਕਿਸਤਾਨ ਦਾ ਨਾਮ ਖਰਾਬ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਜਬਰੀ ਧਰਮ ਪਰਿਵਰਤਨ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਵੀ ਚਿੰਤਾ ਜ਼ਾਹਰ ਕਰ ਚੁੱਕਾ ਹੈ।