Breaking News
Home / ਦੁਨੀਆ / ਸਿੱਖ ਵਿਰੋਧੀ ਕਤਲੇਆਮ

ਸਿੱਖ ਵਿਰੋਧੀ ਕਤਲੇਆਮ

1984 ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ‘ਚੋਂ ਇਕ
ਸਿੱਖ ਭਾਈਚਾਰੇ ਖਿਲਾਫ ਹੋਏ ਜ਼ੁਲਮਾਂ ਨੂੰ ਯਾਦ ਰੱਖਣ ਦੀ ਲੋੜ : ਅਮਰੀਕੀ ਸੈਨੇਟਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੈਨੇਟਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਕਾਲੇ ਸਾਲਾਂ ਵਿੱਚੋਂ ਇਕ’ ਦੱਸਿਆ ਹੈ।
ਸੈਨੇਟਰ ਨੇ ਆਖਿਆ ਕਿ ਸਿੱਖ ਭਾਈਚਾਰੇ ਖਿਲਾਫ਼ ਹੋਏ ਜ਼ੁਲਮਾਂ ਨੂੰ ਯਾਦ ਰੱਖਣ ਦੀ ਲੋੜ ਹੈ ਤਾਂ ਕਿ ਇਸ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾ ਸਕੇ। ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੋਈ ਹੱਤਿਆ ਮਗਰੋਂ ਦਿੱਲੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖ ਵਿਰੋਧੀ ਕਤਲੇਆਮ ਹੋ ਗਿਆ ਸੀ।
ਦੇਸ਼ ਭਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਤੇ ਇਨ੍ਹਾਂ ਵਿਚੋਂ ਬਹੁਗਿਣਤੀ ਕੌਮੀ ਰਾਜਧਾਨੀ ਵਿੱਚ ਮਾਰੇ ਗਏ ਸਨ। ਸੈਨੇਟਰ ਪੈਟ ਟੂਮੀ ਨੇ ਸੈਨੇਟ ‘ਚ ਆਪਣੇ ਭਾਸ਼ਣ ਦੌਰਾਨ ਕਿਹਾ, ”ਸਾਲ 1984 ਆਧੁਨਿਕ ਭਾਰਤੀ ਇਤਿਹਾਸ ਵਿੱਚ ਸਭ ਤੋਂ ਕਾਲੇ ਸਾਲਾਂ ਵਿੱਚੋਂ ਇੱਕ ਹੈ। ਦੁਨੀਆ ਨੇ ਭਾਰਤ ਵਿੱਚ ਨਸਲੀ ਸਮੂਹਾਂ ਵਿਚਕਾਰ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਦੇਖੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ‘ਚ ਖਾਸ ਤੌਰ ਉੱਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅੱਜ ਅਸੀਂ ਇਥੇ ਉਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ ਜੋ ਪਹਿਲੀ ਨਵੰਬਰ 1984 ਨੂੰ ਭਾਰਤ ਦੇ ਪੰਜਾਬ ਸੂਬੇ ਵਿੱਚ ਸਿੱਖਾਂ ਅਤੇ ਕੇਂਦਰ ਸਰਕਾਰ ਦਰਮਿਆਨ ਕਈ ਦਹਾਕਿਆਂ ਦੇ ਜਾਤੀ ਤਣਾਅ ਤੋਂ ਬਾਅਦ ਵਾਪਰਿਆ ਸੀ।” ਰਿਪਬਲਿਕਨ ਸੈਨੇਟਰ ਟੂਮੀ ਨੇ ਕਿਹਾ, ”ਭਵਿੱਖ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਰੋਕਣ ਲਈ, ਸਾਨੂੰ ਉਨ੍ਹਾਂ ਦੇ ਪੁਰਾਣੇ ਸਰੂਪਾਂ ਦੀ ਪਛਾਣ ਕਰਨੀ ਹੋਵੇਗੀ। ਸਾਨੂੰ ਸਿੱਖਾਂ ਖਿਲਾਫ਼ ਕੀਤੇ ਗਏ ਜ਼ੁਲਮਾਂ ਨੂੰ ਯਾਦ ਰੱਖਣਾ ਹੋਵੇਗਾ ਤਾਂ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾ ਸਕੇ ਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹਾ ਦੁਖਾਂਤ ਕੁੱਲ ਆਲਮ ਵਿੱਚ ਸਿੱਖ ਭਾਈਚਾਰੇ ਜਾਂ ਹੋਰਨਾਂ ਭਾਈਚਾਰਿਆਂ ਖਿਲਾਫ਼ ਮੁੜ ਨਾ ਹੋਵੇ।’ ਸੈਨੇਟਰ ਟੂਮੀ, ਜੋ ਅਮਰੀਕੀ ਸਿੱਖ ਕਾਂਗਰਸ ਸਮੂਹ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਸਿੱਖੀ ਦਾ 600 ਸਾਲ ਪੁਰਾਣਾ ਇਤਿਹਾਸ ਭਾਰਤ ਦੇ ਪੰਜਾਬ ਖਿੱਤੇ ਨਾਲ ਜੁੜਿਆ ਹੋਇਆ ਹੈ।
ਆਲਮੀ ਪੱਧਰ ‘ਤੇ ਸਿੱਖ ਧਰਮ ਦੇ ਤਿੰਨ ਕਰੋੜ ਪੈਰੋਕਾਰ ਹਨ, ਜਿਨ੍ਹਾਂ ਵਿਚੋਂ ਸੱਤ ਲੱਖ ਅਮਰੀਕਾ ਵਿੱਚ ਹਨ। ਸਿੱਖ ਧਰਮ ਵਿਸ਼ਵ ਦੇ ਪ੍ਰਮੁੱਖ ਧਰਮਾਂ ਵਿੱਚੋਂ ਇੱਕ ਹੈ।
ਸੈਨੇਟਰ ਨੇ ਕਿਹਾ ਕਿ ਉਨ੍ਹਾਂ ਨਿੱਜੀ ਤੌਰ ‘ਤੇ ਸਿੱਖਾਂ ਦੀ ਭਾਵਨਾ ਨੂੰ ਦੇਖਿਆ ਹੈ ਅਤੇ ਸਿੱਖ ਪਰੰਪਰਾ ਨੂੰ ਚੰਗੀ ਤਰ੍ਹਾਂ ਸਮਝਿਆ ਹੈ, ਜੋ ਬਰਾਬਰੀ, ਸਤਿਕਾਰ ਅਤੇ ਸ਼ਾਂਤੀ ‘ਤੇ ਆਧਾਰਿਤ ਹੈ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਨਿਭਾਈਆਂ ਭਾਈਚਾਰਕ ਸੇਵਾਵਾਂ ਦਾ ਵੀ ਜ਼ਿਕਰ ਕੀਤਾ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …