4.7 C
Toronto
Tuesday, November 18, 2025
spot_img
Homeਦੁਨੀਆਅਮਰੀਕਾ ਦੀ ਯੂਨੀਵਰਸਿਟੀ ਨੇ ਪੰਜਾਬ ਵਿੱਚ ਖੇਤੀ ਦੇ ਸਹਾਇਕ ਧੰਦਿਆਂ ਲਈ ਨਵੀਨਤਮ...

ਅਮਰੀਕਾ ਦੀ ਯੂਨੀਵਰਸਿਟੀ ਨੇ ਪੰਜਾਬ ਵਿੱਚ ਖੇਤੀ ਦੇ ਸਹਾਇਕ ਧੰਦਿਆਂ ਲਈ ਨਵੀਨਤਮ ਤਕਨਾਲੌਜੀ ਅਤੇ ਦਵਾਈ ਵਿਕਸਿਤ ਕਰਨ ਦੀ ਇੱਛਾ ਜਤਾਈ

ਓਕਲਾਹੋਮਾ ਸਟੇਟ ਯੂਨੀਵਰਸਿਟੀ ਦੇ ਵਫ਼ਦ ਵੱਲੋਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨਾਲ ਮੁਲਾਕਾਤ
ਸਰਕਾਰ ਕਿਸਾਨਾਂ ਦੀ ਭਲਾਈ ਦੀਆਂ ਸੰਭਾਵਨਾਵਾਂ ਵਾਲੇ ਹਰ ਖੇਤਰ ‘ਚ ਸਹਿਯੋਗ ਲਈ ਤਿਆਰ: ਲਾਲਜੀਤ ਸਿੰਘ ਭੁੱਲਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਖੇਤੀ ਦੇ ਸਹਾਇਕ ਧੰਦਿਆਂ ਵਿੱਚ ਅਥਾਹ ਸੰਭਾਵਨਾਵਾਂ ਦੇ ਸਨਮੁਖ ਅਮਰੀਕਾ ਦੀ ਓਕਲਾਹੋਮਾ ਸਟੇਟ ਯੂਨੀਵਰਸਿਟੀ ਦੇ ਵਫ਼ਦ ਨੇ ਵੀਰਵਾਰ ਨੂੰ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਨਵੀਨਤਮ ਦਵਾਈ ਤੇ ਤਕਨਾਲੌਜੀ ਵਿਕਸਿਤ ਕਰਨ ਸਣੇ ਹੋਰਨਾਂ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਪੰਜਾਬ ਸਿਵਲ ਸਕੱਤਰੇਤ ਸਥਿਤ ਦਫ਼ਤਰ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਕਾਲਜ ਦੇ ਖੋਜ ਤੇ ਗ੍ਰੈਜੂਏਟ ਸਿੱਖਿਆ ਦੇ ਸੀਨੀਅਰ ਐਸੋਸੀਏਟ ਡੀਨ ਡਾ. ਜੈਰੀ ਆਰ. ਮਲਾਯਰ ਅਤੇ ਇੰਟਰੈਕਟ ਇੰਸਟੀਚਿਊਟ ਦੇ ਪ੍ਰੋਫੈਸਰ ਤੇ ਐਂਡੋਏਡ ਚੇਅਰ ਡਾਇਰੈਕਟਰ ਅਸ਼ੀਸ਼ ਰੰਜਨ ਦੇ ਵਫ਼ਦ ਨੇ ਦੱਸਿਆ ਕਿ ਖੇਤੀ ਦੇ ਸਹਾਇਕ ਕਿੱਤਿਆਂ ਦੇ ਖੇਤਰ ਵਿੱਚ ਪੰਜਾਬ ਵਿੱਚ ਅਥਾਹ ਸੰਭਾਵਨਾਵਾਂ ਹਨ। ਇਸ ਲਈ ਯੂਨੀਵਰਸਿਟੀ ਪੰਜਾਬ ਵਿੱਚ ਪਸ਼ੂਆਂ ਦੀਆਂ ਬੀਮਾਰੀਆਂ ਅਤੇ ਪਸ਼ੂਆਂ ਤੋਂ ਲੋਕਾਂ ਵਿਚ ਪਹੁੰਚਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਵੀ ਦਵਾਈ ਤੇ ਨਵੀਨਤਮ ਤਕਨਾਲੌਜੀ ਵਿਕਸਿਤ ਕਰਨ ਵਿੱਚ ਸੂਬੇ ਦੀ ਮਦਦ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਵੈਟਰਨਰੀ ਅਫ਼ਸਰਾਂ ਲਈ ਪਸ਼ੂ ਧਨ ਦੇ ਇਲਾਜ, ਸਰਜਰੀ, ਡਾਇਗਨੌਸਟਿਕ ਸੈਂਟਰ, ਨਿਗਰਾਨੀ, ਡਾਟਾ ਕੁਲੈਕਸ਼ਨ ਆਦਿ ਵਿਸ਼ਿਆਂ ਬਾਰੇ ਟ੍ਰੇਨਿੰਗ ਪ੍ਰੋਗਰਾਮ ਤੇ ਵਿਦਿਆਰਥੀਆਂ ਲਈ ਐਕਸਚੇਂਜ ਪ੍ਰੋਗਰਾਮ ਉਲੀਕਣ ਦੀ ਇੱਛਾ ਰੱਖਦੀ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਤੀ ਦੇ ਅਨਿੱਖੜਵੇਂ ਅੰਗ ਪਸ਼ੂ ਪਾਲਣ ਤੇ ਹੋਰ ਸਹਾਇਕ ਕਿੱਤਿਆਂ ਵਿੱਚ ਮੁਨਾਫ਼ਾ ਵਧਾ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਉਸ ਪੱਖ ਵੱਲ ਧਿਆਨ ਦੇਵੇਗੀ, ਜਿਥੋਂ ਤਰੱਕੀ ਦੀਆਂ ਸੰਭਾਵਨਾਵਾਂ ਦਿਖਾਈ ਦੇਣ ਅਤੇ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਆਮਦਨ ਵੱਧ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਓਕਲਾਹੋਮਾ ਸਟੇਟ ਯੂਨੀਵਰਸਿਟੀ ਦੀ ਤਜਵੀਜ਼ ਬਾਰੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਇਸ ਖੇਤਰ ਵਿੱਚ ਨਵੇਂ ਦਿਸਹੱਦੇ ਸਥਾਪਤ ਕਰਨਗੇ।
ਜ਼ਿਕਰਯੋਗ ਹੈ ਕਿ 7 ਤੋਂ 12 ਅਗਸਤ ਤੱਕ ਭਾਰਤ ਦੇ ਦੌਰੇ ‘ਤੇ ਆਏ ਵਫ਼ਦ ਨੇ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਪਣੀਆਂ ਨਵੀਨਤਮ ਸੇਵਾਵਾਂ ਦੇਣ ਅਤੇ ਤਕਨਾਲੌਜੀ ਵਿਕਸਿਤ ਕਰਨ ਵੱਲ ਤਵੱਜੋ ਦਿੱਤੀ ਹੈ।

RELATED ARTICLES
POPULAR POSTS